ਫਗਵਾੜਾ 8 ਜੂਨ (ਸ਼ਿਵ ਕੋੜਾ)
ਸ੍ਰੋਮਣੀ ਅਕਾਲੀ ਦਲ ਜਿਲ੍ਹਾ ਕਪੂਰਥਲਾ ਦਾ ਸਰਪ੍ਰਸਤ ਗਿ. ਭਗਤ ਸਿੰਘ ਭੁੰਗਰਨੀ ਨੇ ਅੱਜ ਇੱਥੇ ਜਾਰੀ ਇਕ ਬਿਆਨ ‘ਚ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ‘ਚ ਜਮੀਨੀ ਤੌਰ ਤੇ ਵਿਕਾਸ ਵਾਲੀ ਕੋਈ ਗੱਲ ਨਹੀਂ ਹੈ। ਸਿਰਫ ਜੁਬਾਨੀ ਕਲਾਮੀ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਹਨ। ਉਹਨਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੀ ਅਹਿਮੀਅਤ ਨੂੰ ਨਜ਼ਰ ਅੰਦਾਜ ਨਾ ਕੀਤਾ ਜਾਵੇ ਅਤੇ ਇਸ ਪਿਛੜੇ ਸੂਬੇ ਦੀ ਖੁਸ਼ਹਾਲੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਭੁੰਗਰਨੀ ਨੇ ਖੇਤੀਬਾੜੀ ਇੰਡਸਟਰੀ ਨੂੰ ਪਹਿਲ ਦੇਣ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਪੰਜਾਬ ਪਿੰਡਾਂ ‘ਚ ਵੱਸਦਾ ਹੈ ਤੇ ਇੱਥੋਂ ਦੀ ਜਵਾਨੀ ਨੂੰ ਸਹੀ ਸੇਧ ਤਾਂ ਹੀ ਮਿਲ ਸਕਦੀ ਹੈ ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌੇਕੇ ਮਿਲਣਗੇ। ਨਹੀਂ ਤਾਂ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਗਲਤ ਰਸਤੇ ਅਖਤਿਆਰ ਕਰਨਗੇ ਅਤੇ ਇਸ ਦੀ ਜਿੰਮੇਵਾਰੀ ਸੂਬਾ ਅਤੇ ਕੇਂਦਰ ਸਰਕਾਰ ਦੀ ਹੋਵੇਗੀ। ਸੀਨੀਅਰ ਅਕਾਲੀ ਆਗੂ ਨੇ ਪੰਚਾਇਤਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣ ਅਤੇ ਹਰ ਪਿੰਡ ‘ਚ ਅਨਾਜ ਮੰਡੀ ਖੋਲ੍ਹਣ ਤੇ ਕਿਸਾਨਾਂ ਦੀ ਫਸਲ ਨੂੰ ਖਰੀਦਣ ਲਈ ਸਰਕਾਰਾਂ ਵਲੋਂ ਸਿੱਧੇ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ। ਉਹਨਾਂ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਰੰਗਲਾ ਪੰਜਾਬ ਬਨਾਉਣ ਦੇ ਵਾਅਦੇ ‘ਤੇ ਤੰਜ ਕਸਦਿੱਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਵੱਧ ਦੇ ਰਾਜ ‘ਚ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਤੱਕ ਨਹੀਂ ਕਰਵਾਈ ਗਈ। ਕਾਨੂਨ ਵਿਵਸਥਾ ਇਕ ਵੱਡਾ ਸਵਾਲ ਹੈ ਤੇ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ। ਅਜਿਹੇ ਹਾਲਾਤ ‘ਚ ਕਿਸ ਤਰ੍ਹਾਂ ਰੰਗਲਾ ਪੰਜਾਬ ਬਣੇਗਾ, ਇਸ ਗੱਲ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਚਾਹੀਦਾ ਹੈ।