ਫਗਵਾੜਾ 8 ਜੂਨ (ਸ਼ਿਵ ਕੋੜਾ)
ਜੀ.ਐਨ.ਏ. ਯੂਨੀਵਰਸਿਟੀ ਕੈਂਪਸ ਫਗਵਾੜਾ ਵਿਖੇ ਯੰਗ ਅਚੀਵਰਜ਼-2023 ਈਵੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਜੀ.ਐਨ.ਏ ਗੇਅਰਜ਼ ਮੇਹਟੀਆਣਾ ਅਤੇ ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ ਦੇ ਚੇਅਰਮੈਨ ਗੁਰਦੀਪ ਸਿੰਘ ਸੀਹਰਾ ਨੇ ਕੀਤੀ। ਇਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਅਤੇ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਵਾਲੇ 500 ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮਿਆਰੀ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਤਿਆਰ ਕਰਨ ਵਾਲੇ ਸਕੂਲ ਟੀਚਰਾਂ ਨੂੰ ਵੀ ਸਨਮਾਨਿਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਮੁੱਖ ਮਹਿਮਾਨ ਗੁਰਦੀਪ ਸਿੰਘ ਸੀਹਰਾ ਨੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੋਗ ਅਧਿਆਪਕ ਦੀ ਰਹਿਨੁਮਾਈ ਹੇਠ ਹੀ ਯੋਗ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਨ ਦੇ ਕਾਬਿਲ ਬਣਦਾ ਹੈ। ਉਨ੍ਹਾਂ ਨੇ ਜੀਵਨ ਵਿੱਚ ਵਿੱਦਿਆ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿੱਥੇ ਕੁਝ ਵੀ ਕੰਮ ਨਹੀਂ ਆਉਂਦਾ, ਉੱਥੇ ਗਿਆਨ ਸਹਾਇਕ ਬਣਦਾ ਹੈ ਅਤੇ ਗਿਆਨ ਅਜਿਹਾ ਧਨ ਹੈ ਜੋ ਵੰਡਣ ਨਾਲ ਹੋਰ ਵੱਧਦਾ ਹੈ, ਇਸ ਲਈ ਵਿਦਿਆਰਥੀ ਮਨ ਲਗਾ ਕੇ ਪੜ੍ਹਾਈ ਕਰਨ ਤਾਂ ਜੋ ਜੀਵਨ ਵਿੱਚ ਚੰਗਾ ਮੁਕਾਮ ਹਾਸਲ ਕੀਤਾ ਜਾ ਸਕੇ। ਉਨ੍ਹਾਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਦਾਖਲਾ ਲੈਣ ‘ਤੇ 50 ਫੀਸਦੀ ਵਜ਼ੀਫਾ ਅਤੇ 80 ਤੋਂ 90 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 40 ਫੀਸਦੀ ਵਜ਼ੀਫਾ ਦੇਣ ਦਾ ਵੀ ਐਲਾਨ ਕੀਤਾ। ਪ੍ਰੋਗਰਾਮ ਦੌਰਾਨ ਡਾ: ਸੁਨੀਲ ਵਰਮਾ ਨੇ ਵਿਦਿਆਰਥੀਆਂ ਨਾਲ ਮੋਟੀਵੇਸ਼ਨ ਸੈਸ਼ਨ ਵਿਚ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਜੀਵਨ ਵਿਚ ਟੀਚੇ ਤੈਅ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਤੀਜੇ ਦੀ ਚਿੰਤਾ ਦਾ ਤਣਾਓ ਛੱਡ ਕੇ ਪੂਰੀ ਲਗਨ ਅਤੇ ਆਤਮ ਵਿਸ਼ਵਾਸ ਨਾਲ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਨਾਲ ਸਫ਼ਲਤਾ ਜ਼ਰੂਰ ਮਿਲੇਗੀ। ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਉਤਸੁਕਤਾ ਨੂੰ ਸ਼ਾਂਤ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਇੰਜਨੀਅਰਿੰਗ ਨਾਲ ਸਬੰਧਤ ਨਵੀਆਂ ਤਕਨੀਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸਮੂਹ ਪਤਵੰਤਿਆਂ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਵੀ.ਕੇ ਰਤਨ ਨੇ ਕਿਹਾ ਕਿ ਇਸ ਸਮਾਗਮ ਦਾ ਮਕਸਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਹੋ ਸਕਣ। ਸਟੇਜ ਦਾ ਸੰਚਾਲਨ ਬਿਜ਼ਨਸ ਸਕੂਲ ਦੇ ਪ੍ਰੋਫੈਸਰ ਡਾ: ਮਨਪ੍ਰੀਤ ਕੌਰ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸ ਮੌਕੇ ਡਾ: ਹੇਮੰਤ ਸ਼ਰਮਾ ਪ੍ਰੋ-ਵਾਈਸ ਚਾਂਸਲਰ, ਡਾ: ਸੀ.ਆਰ. ਤ੍ਰਿਪਾਠੀ ਡੀਨ ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਅਤੇ ਆਟੋਮੇਸ਼ਨ, ਡਾ: ਦੀਪਕ ਸ਼ਰਮਾ ਡੀਨ ਸਕੂਲ ਆਫ਼ ਹਾਸਪਿਟੈਲਿਟੀ, ਡਾ: ਸਮੀਰ ਵਰਮਾ ਡੀਨ ਜੀ.ਐਨ.ਏ ਬਿਜ਼ਨਸ ਸਕੂਲ ਤੋਂ ਇਲਾਵਾ ਕੁਨਾਲ ਬੈਂਸ, ਹੇਮੰਤ ਬੱਸੀ ਤੇ ਹੋਰ ਸਟਾਫ਼ ਮੈਂਬਰ, ਪਤਵੰਤੇ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।