ਫਿਰੋਜ਼ਪੁਰ 5 ਜੂਨ
· ਸਟੈਨੋ ਕੇਡਰਾਂ ਨੇ ਸੇਵਾਮੁਕਤ ਇੰਸਟਰੱਕਟਰ ਭਾਸ਼ਾ ਵਿਭਾਗ ਸ. ਬਲਤੇਜ ਸਿੰਘ ਨਾਲ ਕੀਤੀ ਖੁਸ਼ੀ ਸਾਂਝੀ
· ਮੇਲ ਮਿਲਾਪ ਕਰਦਿਆਂ ਜਿੰਦਗੀ ਦੇ ਅਨੁਭਵ ਕੀਤੇ ਸਾਂਝੇ
ਸੇਵਾਮੁਕਤ ਇੰਸਟੈਕਟਰ ਭਾਸ਼ਾ ਵਿਭਾਗ ਸ. ਬਲਤੇਜ ਸਿੰਘ ਨਾਲ ਸਾਲ 2013 ਤੋਂ 2016 ਬੈਚ ਦੇ ਸਟੈਨੋ ਕੇਡਰਾਂ ਵੱਲੋਂ ਤਾਜ਼ ਹੋਟਲ ਫਿਰੋਜ਼ਪੁਰ ਵਿਖੇ ਖੁਸ਼ੀ ਸਾਂਝੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸ. ਬਲਤੇਜ ਸਿੰਘ ਨਾਲ ਮੇਲ-ਮਿਲਾਪ ਕਰਦਿਆਂ ਜਿੰਦਗੀ ਦੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਸ੍ਰ. ਬਲਤੇਜ ਸਿੰਘ ਦੀ ਧਰਮਪਤਨੀ ਸਮੇਤ ਡਾ. ਰਮੇਸ਼ਵਰ ਸਿੰਘ, ਜਸਵੀਰ ਸਿੰਘ ਅਤੇ ਪਰਮਜੀਤ ਸਿੰਘ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਭਾਸ਼ਾ ਵਿਭਾਗ ਵਿੱਚ ਇੰਸਟਰੱਕਟਰ ਵਜੋਂ ਸ. ਬਲਤੇਜ ਸਿੰਘ ਨੇ ਸੇਵਾ ਬੜੀ ਇਮਾਨਦਾਰੀ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਈ ਤੇ ਲਗਭਗ 25 ਸਾਲ ਤੋਂ ਵੱਧ ਫਿਰੋਜ਼ਪੁਰ ਦਾ ਚਾਰਜ ਸੰਭਾਲਿਆ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ 36 ਸਾਲ ਤੋਂ ਜ਼ਿਆਦਾ ਦਾ ਸਮਾਂ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਤੇ ਸਵਾਰਨ ਵਿੱਚ ਲਾ ਦਿੱਤਾ। ਸ੍ਰ. ਬਲਤੇਜ ਸਿੰਘ ਨੇ 4 ਅਗਸਤ 1983 ਤੋਂ 29 ਜੂਨ 1988 ਤੱਕ ਬਤੌਰ ਸਟੈਨੋ ਪ੍ਰਾਇਮਰੀ ਹੈਲਥ ਸੈਂਟਰ ਲੰਬੀ, ਸਿਵਲ ਸਰਜਨ ਦਫਤਰ ਫਰੀਦਕੋਟ ਅਤੇ ਸਰਕਾਰੀ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਉਸ ਤੋਂ ਬਾਅਦ ਉਨ੍ਹਾਂ 29 ਜੂਨ 1988 ਤੋਂ 31 ਮਾਰਚ 2020 ਤੱਕ ਇੰਸਟਰੱਕਟਰ ਫਿਰੋਜ਼ਪੁਰ ਤੇ ਫਰੀਦਕੋਟ ਵਜੋਂ ਸੇਵਾਵਾਂ ਨਿਭਾਈਆਂ। ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੀ ਸੁਪਰਵਾਈਜ਼ਰ ਦੀ ਤਰੱਕੀ ਦਾ ਵੀ ਤਿਆਗ ਕੀਤਾ।
ਇਸ ਦੌਰਾਨ ਡਾ. ਰਮੇਸ਼ਵਰ ਸਿੰਘ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਸ. ਬਲਤੇਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀਂ ਘੱਟ ਹੈ। ਸ. ਬਲਤੇਜ ਸਿੰਘ ਇਕ ਮਿਹਨਤੀ, ਇਮਾਨਦਾਰ ਤੇ ਨੇਕ ਦਿਲ ਇਨਸਾਨ ਹਨ। ਉਨ੍ਹਾਂ ਨੇ ਦੱਸਿਆ ਕਿ ਸ੍ਰ. ਬਲਤੇਜ ਸਿੰਘ ਅੱਜ ਤੱਕ ਹਜ਼ਾਰਾਂ ਬੱਚਿਆਂ ਨੂੰ ਲੋੜ ਪੈਣ ‘ਤੇ ਸਹੀ ਸਲਾਹ ਦਿੰਦੇ ਹਨ ਤੇ ਸਭ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪ੍ਰੇਰਦੇ ਹਨ ਤੇ ਇਨ੍ਹਾਂ ਦੇ ਪੜ੍ਹਾਏ ਬੱਚੇ ਅੱਜ ਵੱਖ-ਵੱਖ ਵਿਭਾਗਾਂ ਵਿੱਚ ਸਟੈਨੋਟਾਈਪਿਸਟ, ਕਲਰਕ ਤੇ ਹੋਰ ਉੱਚ ਅਹੁੱਦਿਆਂ ਤੇ ਤੈਨਾਤ ਹਨ। ਉਨ੍ਹਾਂ ਕਿਹਾ ਕਿ ਸ. ਬਲਤੇਜ ਸਿੰਘ ਆਉਣ ਵਾਲੀ ਪੀੜ੍ਹੀ ਨੂੰ ਹਰਿਆ ਭਰਿਆ ਵਾਤਾਵਰਨ ਮੁਹੱਈਆ ਕਰਵਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਮਾਜ ਸੇਵੀ ਵਜੋਂ ਕੰਮ ਕਰ ਰਹੇ ਹਨ।
ਸ. ਬਲਤੇਜ ਸਿੰਘ ਨੇ ਕਿਹਾ ਉਨ੍ਹਾਂ ਨੂੰ ਅੱਜ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਪੜ੍ਹਾਏ ਬੱਚਿਆਂ ਨੇ ਉਨ੍ਹਾਂ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਉਨ੍ਹਾਂ ਦੇ ਪੜ੍ਹਾਏ ਬੱਚੇ ਅੱਜ ਵੱਖ-ਵੱਖ ਦਫਤਰਾਂ ਵਿੱਚ ਵੱਖ-ਵੱਖ ਅਹੁਦਿਆ ਤੇ ਤੈਨਾਤ ਹਨ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਹਨ ਕਿ ਉਨ੍ਹਾਂ ਨੂੰ ਬੱਚਿਆਂ ਦੇ ਭਵਿੱਖ ਸਵਾਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਉਣਾ ਉਹ ਆਪਣਾ ਕਰਤੱਵ ਜਾਂ ਡਿਊਟੀ ਹੀ ਨਹੀਂ ਸਗੋਂ ਆਪਣਾ ਸੁਭਾਗ ਵੀ ਸਮਝਦੇ ਸਨ ਤੇ ਬੱਚਿਆਂ ਵਿੱਚ ਗਿਆਨ ਵੰਡਣਾ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਜ਼ਰੂਰਤਮੰਦ ਬੱਚੇ ਅੱਜ ਸਟੈਨੋ ਕਰਕੇ ਉੱਚ ਅਹੁਦਿਆਂ ਤੇ ਤੈਨਾਤ ਹਨ ਤੇ ਉਹ ਜਦ ਵੀ ਉਨ੍ਹਾਂ ਨੂੰ ਫੋਨ ਜਾਂ ਘਰ ਮਿਲਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ।
ਇਸ ਦੌਰਾਨ ਬਲਜੀਤ ਸਿੰਘ, ਗਮਦੂਰ ਸਿੰਘ ਅਤੇ ਪ੍ਰਦੀਪ ਸਿੰਘ ਨੇ ਸ. ਬਲਤੇਜ ਸਿੰਘ ਦਾ ਉਨ੍ਹਾਂ ਦੀ ਖੁਸ਼ੀ ਵਿੱਚ ਸਾਂਝਾ ਹੋਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹਨ ਉਨ੍ਹਾਂ ਦੀ ਬਦੌਲਤ ਹੀ ਹਨ। ਉਨ੍ਹਾਂ ਕਿਹਾ ਕਿ ਸ. ਬਲਤੇਜ ਸਿੰਘ ਨੇ ਨਾ ਕੇਵਲ ਅਧਿਆਪਕ ਵਜੋਂ ਹੀ ਨਹੀਂ ਸਗੋਂ ਹਰ ਮੁਸ਼ਕਲ ਦੀ ਘੜੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ। ਇਸ ਮੌਕੇ ਨਰੇਸ਼ ਕੁਮਾਰ, ਜਤਿੰਦਰ ਸਿੰਘ, ਵਿਪਨ, ਸੋਨੂੰ, ਪਰਮਜੀਤ ਕੌਰ, ਰਵਿੰਦਰ ਕੌਰ ਆਦਿ ਵੀ ਹਾਜ਼ਰ ਸਨ।