ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ਸੁਖਦੇਵ ਮੋਨੂੰ) ਪ੍ਰੈਸ ਕਾਨਫਰੰਸ ਦੌਰਾਨ ਵਰਿੰਦਰ ਖੋਸਾ ਏ.ਸੀ.ਪੀ ਉੱਤਰੀ, ਅੰਮ੍ਰਿਤਸਰ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਅਮਨਦੀਪ ਕੌਰ ਵਾਸੀ ਬਾਬਾ ਦੀਪ ਸਿੰਘ ਕਲੋਨੀ ਫ਼ਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ ਦੇ ਬਿਆਨ ਤੇ ਮੁਕੱਦਮਾਂ ਨੰਬਰ 184 ਮਿਤੀ 17-6-23 ਜੁਰਮ 379-ਬੀ, 34 IPC ਥਾਣਾ ਸਦਰ ਅੰਮ੍ਰਿਤਸਰ ਦਰਜ਼ ਹੋਇਆ ਕਿ ਉਹ, ਮਿਤੀ 17-6-2023 ਨੂੰ ਆਪਣੇ ਦਫ਼ਤਰ ਤੋਂ ਆਟੋ ਤੇ ਬੈਠ ਕੇ ਵਾਪਸ ਆਪਣੇ ਘਰ ਜਾ ਰਹੀ ਸੀ ਜਦੋਂ ਗਲੀ ਨੰਬਰ 1, ਬਾਬਾ ਦੀਪ ਸਿੰਘ ਕਲੋਨੀ ਦੇ ਬਾਹਰ ਆਟੋ ਤੋਂ ਉੱਤਰੀ ਤਾਂ ਉਹ ਫ਼ੋਨ ਸੁਣਨ ਲੱਗੀ ਤੇ ਇਸੇ ਦੌਰਾਨ ਇੱਕ ਮੋਨਾਂ ਨੌਜ਼ਵਾਨ ਪਿੱਛੋਂ ਪੈਦਲ ਆਇਆ ਤੇ ਉਸਦਾ ਮੋਬਾਇਲ ਫ਼ੋਨ ਖੋਹ ਕੇ ਭੱਜ ਗਿਆ, ਥੋੜੀ ਦੂਰ ਇੱਕ ਮੋਟਰਸਾਈਕਲ ਤੇ ਖੜਾ ਉਸਦੇ ਸਾਥੀ ਨਾਲ ਬੈਠ ਕੇ ਨਿਕਲ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਨੌਨਿਹਾਲ ਸਿੰਘ ਵੱਲੋਂ ਲੁੱਟਾਂ ਖੋਹਾਂ/ਝਪਟਮਾਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਮਨਦੀਪ ਸਿੰਘ (ਅੰਡਰ ਟਰੇਨਿੰਗ) ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਗੁਰਜੰਟ ਸਿੰਘ ਪੁੱਤਰ ਜਾਗੀਰ ਸਿੰਘ ਵਾਸੀ ਪਿੰਡ ਨੰਗਲੀ ਲੋਹਾਰਕਾ ਰੋਡ ਵਾਲੀ ਲਿੰਕ ਸੜੂਕ ਫਤਿਹਗੜ੍ਹ ਚੂੜੀਆ ਰੋਡ ਅੰਮ੍ਰਿਤਸਰ, 2) ਫਤੇਆਲਮ ਪੁੱਤਰ ਅਲੀ ਮੁਹੰਮਦ ਅਤੇ 3) ਅਰਸ਼ਦੀਪ ਸਿੰਘ ਪੁੱਤਰ ਲਾਲ ਸਿੰਘ ਨੂੰ ਕਾਬੂ ਕਰਕੇ ਇਹਨਾਂ ਪਾਸੋਂ 2 ਖੋਹਸੁੱਦਾ ਮੋਬਾਇਲ ਫੋਨ ਵੀ ਬ੍ਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ। ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਦੇ ਇੱਕ ਹੋਰ ਸਾਥੀ ਲਵ ਦੀ ਭਾਲ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।