ਸਿਰਸਾ, 21 ਮਈ
ਪਿੰਡ ਭਾਵਦੀਨ ਦੇ ਸ਼ਹੀਦ ਨਿਸ਼ਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਦਸਵੀਂ ਤੇ ਬਾਰ੍ਹਵੀਂ ’ਚ ਅੱਵਲ ਰਹੇ ਵਿਦਿਆਰਥੀਆਂ ਨੂੰ ਸਕੂਲ ਸਟਾਫ ਤੇ ਪਿੰਡ ਦੇ ਲੋਕਾਂ ਵੱਲੋਂ ਅੱਜ ਸਨਮਾਨਿਤ ਕੀਤਾ ਗਿਆ। ਅਧਿਆਪਕ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਦਸਵੀਂ ਚੋਂ ਸ਼ਗੁਨਾ ਦੇਵੀ ਨੇ 97.2 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਸਕੂਲ ਦੀ ਵਿਦਿਆਰਥਣ ਸਨੇਹਾ ਬਾਈ ਨੇ 83.8 ਫੀਸਦੀ ਅੰਕ, ਅੰਮ੍ਰਿਤ ਕੌਰ ਨੇ 81.4 ਫੀਸਦੀ ਅੰਕ ਤੇ ਮਨਜੋਤ ਨੇ 80 ਫੀਸਦੀ ਅੰਕ ਪ੍ਰਾਪਕ ਕਰਕੇ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਮੌਕੇ ’ਤੇ ਪਿੰਡ ਦੇ ਸਰਪੰਚ ਗੁਰਜੀਤ ਸਿੰਘ, ਐੱਸਐੱਮਸੀ ਪ੍ਰਧਾਨ ਸੋਮਾ ਰਾਣੀ ਤੋਂ ਇਲਾਵਾ ਪਿੰਡ ਦੇ ਪਤਵੰਤੇ ਲੋਕਾਂ ਤੇ ਸਕੂਲ ਸਟਾਫ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ।
ਸਕੂਲ ਦੇ ਪਿ੍ਰੰਸੀਪਲ ਰਸ਼ਨ ਸਿੰਘ ਵਰਮਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।