ਕਾਲਾਂਵਾਲੀ, 19 ਮਾਰਚ
ਪਿੰਡ ਰੰਗਾ ਕੋਲ ਇੱਕ ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਕਾਰਨ ਦੋ ਮੋਟਰਸਾਈਕਲਾਂ ’ਤੇ ਸਵਾਰ ਤਿੰਨ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੋ ਹੋਰ ਨੌਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਜ਼ਖ਼ਮੀ ਹਾਲਤ ’ਚ ਸਿਰਸਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸ ਹਾਦਸੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਾਗੋਕੀ ਵਿੱਚ ਆਪਣੇ ਮਾਮੇ ਕੋਲ ਰਹਿਣ ਵਾਲਾ ਗੁਰਲਾਲ ਸਿੰਘ ਵਾਸੀ ਜਮਾਲ ਬੀਤੀ ਰਾਤ ਆਪਣੇ ਦੋਸਤ ਜਗਪ੍ਰੀਤ ਵਾਸੀ ਨਾਗੋਕੀ ਨਾਲ ਮੋਟਰਸਾਈਕਲ ’ਤੇ ਸਰਦੂਲਗੜ੍ਹ ਤੋਂ ਆਪਣੇ ਪਿੰਡ ਨਾਗੋਕੀ ਪਰਤ ਰਿਹਾ ਸੀ ਜਦੋਂਕਿ ਦੂਜੇ ਮੋਟਰਸਾਈਕਲ ਉੱਤੇ ਰਾਜੇਸ਼ ਕੁਮਾਰ ਵਾਸੀ ਰੰਗਾ ਢਾਣੀ ਵੀ ਆਪਣੇ ਘਰ ਪਰਤ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਦੂਜੇ ਪਾਸੇ ਤੋਂ ਪਿੰਡ ਕੁੱਤਾਵੱਢ ਵਾਸੀ ਇੱਕ ਵਿਅਕਤੀ ਕਾਰ ਵਿੱਚ ਪਿੰਡ ਲਹਿੰਗੇਵਾਲਾ ਜਾ ਰਿਹਾ ਸੀ ਕਿ ਰਸਤੇ ਵਿੱਚ ਪਿੰਡ ਰੰਗਾ ਕੋਲ ਕਾਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲਾਂ ’ਤੇ ਸਵਾਰ ਤਿੰਨੋਂ ਨੌਜਵਾਨ ਸੜਕ ’ਤੇ ਡਿੱਗ ਪਏ। ਇਸ ਹਾਦਸੇ ਵਿੱਚ ਗੁਰਲਾਲ ਸਿੰਘ ਦੀ ਮੌਤ ਹੋ ਗਈ ਜਦੋਂਕਿ ਜਗਪ੍ਰੀਤ ਸਿੰਘ ਅਤੇ ਰਾਜੇਸ਼ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਬਾਅਦ ਵਿੱਚ ਜ਼ਖ਼ਮੀ ਹਾਲਤ ’ਚ ਸਿਰਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਵਾਰਿਸਾਂ ਦੇ ਬਿਆਨਾਂ ਦੇ ਆਧਾਰ ਉੱਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਰਾ ਨਾਲ ਖੇਡਦਿਆਂ ਸੱਟ ਲੱਗਣ ਕਾਰਨ ਭੈਣ ਦੀ ਮੌਤ
ਮੋਗਾ :ਇੱਥੇ ਥਾਣਾ ਸਦਰ ਅਧੀਨ ਪਿੰਡ ਘੱਲਕਲਾਂ ਵਿੱਚ ਹੋਲੀ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ ਭੈਣ-ਭਰਾ ਖੇਡ ਰਹੇ ਸਨ ਕਿ ਇਸ ਦੌਰਾਨ ਵਿਆਹੁਤਾ ਭੈਣ ਦੇ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕਾ ਦੇ ਭਰਾ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੀ ਵਿਆਹੁਤਾ ਭੈਣ ਸੰਦੀਪ ਕੌਰ ਪਿੰਡ ਘੱਲਕਲਾਂ ਦੋਵੇਂ ਘਰ ਵਿੱਚ ਖੇਡ ਰਹੇ ਸਨ ਕਿ ਇਸ ਦੌਰਾਨ ਸੰਦੀਪ ਕੌਰ ਦੇ ਸੱਟ ਲੱਗਣ ਕਰਕੇ ਉਹ ਬੇਹੋਸ਼ ਹੋ ਗਈ ਅਤੇ ਉਸਦੀ ਮੌਤ ਹੋ ਗਈ। ਮ੍ਰਿਤਕਾ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਪੇਕੇ ਆਈ ਹੋਈ ਸੀ। ਪੁਲੀਸ ਨੇ ਮ੍ਰਿਤਕਾ ਦੇ ਮਾਮਾ ਤਰਸੇਮ ਸਿੰਘ ਪਿੰਡ ਮਾੜੀ ਮੁਸਤਫਾ ਦੇ ਬਿਆਨ ਉੱਤੇ ਮ੍ਰਿਤਕਾ ਦੇ ਭਰਾ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।