Home » ਰਾਜਪਾਲ ਵੱਲੋਂ ਕੌਮਾਂਤਰੀ ਸੂਰਜਕੁੰਡ ਮੇਲੇ ਦਾ ਉਦਘਾਟਨ

ਰਾਜਪਾਲ ਵੱਲੋਂ ਕੌਮਾਂਤਰੀ ਸੂਰਜਕੁੰਡ ਮੇਲੇ ਦਾ ਉਦਘਾਟਨ

ਬੰਡਾਰੂ ਦੱਤਾਤ੍ਰੇਅ ਤੇ ਮਨੋਹਰ ਲਾਲ ਖੱਟਰ ਨੇ ਸਟਾਲਾਂ ਦਾ ਦੌਰਾ ਕੀਤਾ; ਚਾਰ ਅਪਰੈਲ ਤੱਕ ਚੱਲੇਗਾ ਮੇਲਾ

by Rakha Prabh
68 views

ਫਰੀਦਾਬਾਦ, 19 ਮਾਰਚ
ਸੂਰਜਕੁੰਡ ਦੀ ਧਰਤੀ ‘ਤੇ ਸ਼ੁਰੂ ਹੋਏ 35ਵੇਂ ਕੌਮਾਂਤਰੀ ਸੂਰਜਕੁੰਡ ਮੇਲੇ ਦਾ ਉਦਘਾਟਨ ਅੱਜ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੰਤੇਸ਼ਵਰੀ ਗੇਟ ’ਤੇ ਫੀਤਾ ਕੱਟ ਕੇ ਕੀਤਾ। ਜ਼ਿਕਰਯੋਗ ਹੈ ਕਿ 4 ਅਪਰੈਲ ਤੱਕ ਚੱਲਣ ਵਾਲੇ ਮੇਲੇ ਵਿਚ ਇਸ ਵਾਰ ਜੰਮੂ-ਕਸ਼ਮੀਰ, ਜਿਸ ਨੂੰ ਸਟੇਟ ਥੀਮ ਬਣਾਇਆ ਗਿਆ ਹੈ ਤੇ ਕੌਮਾਂਤਰੀ ਪੱਧਰ ‘ਤੇ ਭਾਈਵਾਲ ਦੇਸ਼ ਉਜ਼ਬੇਕਿਸਤਾਨ ਵੀ ਵਿਸ਼ੇਸ਼ ਸ਼ਮੂਲੀਅਤ ਕਰਨਗੇ| ਅੱਜ ਰਾਜਪਾਲ ਅਤੇ ਮੁੱਖ ਮੰਤਰੀ ਨੇ ਕੇਂਦਰੀ ਬਿਜਲੀ ਅਤੇ ਭਾਰੀ ਊਰਜਾ ਮੰਤਰੀ ਕ੍ਰਿਸ਼ਨ ਪਾਲ ਗੁਜਰ, ਸਿੱਖਿਆ ਤੇ ਸੈਰ ਸਪਾਟਾ ਮੰਤਰੀ ਕੰਵਰਪਾਲ ਗੁਜਰ, ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਅਤੇ ਉਜ਼ਬੇਕਿਸਤਾਨ ਦੇ ਰਾਜਦੂਤ ਦਿਲਸ਼ੋਦ ਓਖਤੋਵ ਨਾਲ ਗੋਲਫ ਕਾਰਟ ਵਿੱਚ ਮੇਲੇ ਦਾ ਦੌਰਾ ਕੀਤਾ।

ਇਸ ਮੌਕੇ ਢੱਪ, ਨਗਾੜੇ, ਬੀਨ, ਚਾਂਗ, ਢੋਲ, ਸਾਰੰਗੀ ਵਜਾਉਂਦੇ ਸੈਂਕੜੇ ਕਲਾਕਾਰਾਂ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਸੈਰ-ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਸੂਰਜਕੁੰਡ ਮੇਲੇ ਦੇ ਵਾਈਸ ਚੇਅਰਮੈਨ ਐਮ.ਡੀ ਸਿਨਹਾ ਨੇ ਹਰੇਕ ਸਟਾਲ ਦਾ ਨਿਰੀਖਣ ਕੀਤਾ। ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਸਭ ਤੋਂ ਪਹਿਲਾਂ ਕਸ਼ਮੀਰ ਪਵੇਲੀਅਨ ਦਾ ਦੌਰਾ ਕੀਤਾ।

ਇਸ ਮੌਕੇ ਜੰਮੂ ਤੇ ਕਸ਼ਮੀਰ ਤੋਂ ਕਲਾ ਅਤੇ ਸ਼ਿਲਪ ਵਿਭਾਗ ਦੇ ਡਾਇਰੈਕਟਰ ਮਮੂਦ ਸ਼ਾਹ ਨੇ ਰਾਜਪਾਲ ਤੇ ਮੁੱਖ ਮੰਤਰੀ ਨੂੰ ਪਹਾੜੀ ਰਾਜ ਦੇ ਖਾਣ-ਪੀਣ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਇਆ। ਕਸ਼ਮੀਰੀ ਕੁੜੀਆਂ ਤੇ ਕਲਾਕਾਰਾਂ ਨੇ ਆਪਣੇ ਲੋਕ ਗੀਤ ਅਤੇ ਲੋਕ ਸਾਜ਼ ਜਿਵੇਂ ਸਰੋਦ, ਮਟਕਾ ਆਦਿ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਜ਼ਬੇਕਿਸਤਾਨ ਦੇ ਗਲਿਆਰੇ ਵਿੱਚ ਰਾਜਦੂਤ ਦਿਲਸ਼ੋਦ ਓਖਤੋਵ ਨੇ ਆਪਣੇ ਦੇਸ਼ ਦੇ ਕਾਰੀਗਰਾਂ ਦੁਆਰਾ ਤਿਆਰ ਕੀਤੀਆਂ ਕਲਾਕ੍ਰਿਤੀਆਂ ਨੂੰ ਪੇਸ਼ ਕੀਤਾ।

ਇਸ ਦੌਰਨ ਉਜ਼ਬੇਕਿਸਤਾਨ ਸਟਾਲ ’ਤੇ ਖ਼ੂਬਸੂਰਤ ਚੈੱਸ ਬੋਰਡ ਦੇਖ ਕੇ ਰਾਜਪਾਲ ਅਤੇ ਮੁੱਖ ਮੰਤਰੀ ਇੱਕ ਦੂਜੇ ਨਾਲ ਖੇਡੇ। ਦਿੱਲੀ ਦੌਲਤ ਰਾਮ ਕਾਲਜ ਵਿੱਚ ਹਿੰਦੀ ਦੀ ਪੜ੍ਹਾਈ ਕਰ ਰਹੇ ਤਾਸ਼ਕੰਦ ਦੇ ਵਿਦਿਆਰਥੀ ਜਲਾਲਾ ਨੇ ਦੋਵਾਂ ਮਹਿਮਾਨਾਂ ਨਾਲ ਗੱਲਬਾਤ ਕੀਤੀ। ਜਲਾਲਾ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਭਾਰਤ ਵਿੱਚ ਹੈ ਅਤੇ ਹਿੰਦੀ ਉਸ ਦੀ ਖਾਸ ਪਸੰਦ ਹੈ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰੀਆ, ਓਐੱਸਡੀ ਅਜੇ ਗੌੜ, ਗਜੇਂਦਰ ਫੋਗਾਟ, ਭਾਜਪਾ ਜ਼ਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ ਆਦਿ ਹਾਜ਼ਰ ਸਨ।

Related Articles

Leave a Comment