ਸਿਰਸਾ, 22 ਮਈ
ਇਥੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਦਸਵੀਂ ਪਾਤਸ਼ਾਹੀ ’ਚ ਕਿਸਾਨ ਆਗੂ ਹਰਜਿੰਦਰ ਸਿੰਘ ਨਾਨੂਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਕਿਸਾਨ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ ਤੇ 30 ਮਈ ਨੂੰ ਸੰਸਦ ਮੈਂਬਰ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਰਾਸ਼ਟਰੀ ਕਿਸਾਨ ਮੰਚ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪਗੜੀ ਸੰਭਾਲ ਜੱਟਾ, ਕੁੱਲ ਹਿੰਦ ਕਿਸਾਨ ਸਭਾ (1936) ਅਤੇ ਅਖਿਲ ਭਾਰਤੀ ਕਿਸਾਨ ਸਭਾ ਦੇ ਆਹੁਦੇਦਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੀ ਰਾਸ਼ਟਰੀ ਮੁਹਿੰਮ ਤਹਿਤ 30 ਮਈ ਨੂੰ ਬਰਨਾਲਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਕਿਸਾਨ ਤੇ ਮਜ਼ਦੂਰ ਵੱਡੀ ਗਿਣਤੀ ਵਿੱਚ ਇਕੱਠੇ ਹੋਣਗੇ, ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਸਿਰਸਾ ਤੋਂ ਸੰਸਦ ਮੈਂਬਰ ਸੁਨਿਤਾ ਦੁੱਗਲ ਨੂੰ ਆਪਣਾ ਮੰਗ ਪੱਤਰ ਦੇਣਗੇ। ਇਸ ਮੌਕੇ ’ਤੇ ਰਘੂਵੀਰ ਸਿੰਘ ਨਕੌੜਾ, ਭਜਨ ਬਾਜੇਕਾਂ, ਹਰਦੇਵ ਸਿੰਘ ਜੋਸ਼, ਪ੍ਰੀਤਪਾਲ ਸਿੰਘ, ਲੱਖਾ ਸਿੰਘ ਅਲੀਕਾਂ, ਨੋਨੂ ਬਘੂਵਾਲੀ, ਭੋਲਾ ਸਿੰਘ ਡੱਬਵਾਲੀ, ਧੰਨਾ ਸਿੰਘ ਦਮਦਮਾ, ਦਰਸ਼ਨ ਸਿੰਘ, ਹਮਜਿੰਦਰ ਸਿੱਧੂ, ਬਲਰਾਜ ਸਿੰਘ ਬਣੀ, ਬਲਵਿੰਦਰ ਸਿੰਘ ਦਮਦਮਾ, ਲਵਲੀ ਚਹਿਲ ਤੇ ਪਾਲੀ ਚਹਿਲ ਸਮੇਤ ਕਈ ਆਗੂ ਮੌਜੂਦ ਸਨ।