ਅੰਬਾਲਾ, 18 ਮਈ
ਸ਼ਾਹਜ਼ਾਦਪੁਰ-ਅੰਬਾਲਾ ਸੜਕ ’ਤੇ ਸੌਂਤਲੀ ਪਿੰਡ ਦੇ ਮੋੜ ਕੋਲ ਝਾੜੀਆਂ ਵਿੱਚੋਂ ਚਾਰ ਹੱਥ ਗੋਲੇ ਮਿਲੇ ਹਨ ਜੋ ਨਕਾਰਾ ਕਰ ਦਿੱਤੇ ਗਏ ਹਨ। ਪੁਲੀਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਸੀਟੀਵੀ ਖੰਘਾਲਣ ਅਤੇ ਆਸ ਪਾਸ ਦੇ ਲੋਕਾਂ ਕੋਲੋਂ ਪੁੱਛ-ਪੜਤਾਲ ਕਰਨ ਵਿੱਚ ਜੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਬਣੇ ਹੈਂਡ ਗਰਨੇਡ ਪਾਕਿਸਤਾਨ ਦੇ ਰਸਤੇ ਅੰਬਾਲਾ ਪਹੁੰਚੇ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸ਼ਾਹਜ਼ਾਦਪੁਰ ਪੁਲੀਸ ਨੇ ਏਐਸਆਈ ਰੋਹਤਾਸ਼ ਕੁਮਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ।
ਰੋਹਤਾਸ਼ ਕੁਮਾਰ ਨੇ ਦੱਸਿਆ ਕਿ ਕੱਲ੍ਹ ਸ਼ਾਮ ਗਸ਼ਤ ਦੇ ਦੌਰਾਨ ਉਸ ਨੂੰ ਧਨਾਨਾ ਪਿੰਡ ਦੇ ਸਰਪੰਚ ਕੇਹਰ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਸ਼ਾਹਜ਼ਾਦਪੁਰ-ਅੰਬਾਲਾ ਸੜਕ ਦੇ ਨੇੜੇ ਸੌਂਤਲੀ ਵਿੱਚ ਅਸ਼ੀਸ਼ ਕੁਮਾਰ ਵਾਸੀ ਸ਼ਾਹਜ਼ਾਦਪੁਰ ਦੇ ਖੇਤਾਂ ਵਿੱਚ ਪਾਈਪ ਦਾ ਇਕ ਬਾਕਸ ਪਿਆ ਹੈ। ਪਾਈਪ ਦੇ ਦੋਹੀਂ ਪਾਸੀਂ ਢੱਕਣ ਲੱਗਾ ਹੋਇਆ ਹੈ ਜਿਸ ਵਿੱਚ ਕੋਈ ਬੰਬ ਨੁਮਾ ਵਸਤੂ ਹੋ ਸਕਦੀ ਹੈ। ਉਹ ਸਾਥੀਆਂ ਨਾਲ ਮੌਕੇ ’ਤੇ ਪਹੁੰਚਿਆ ਅਤੇ ਮਧੂਬਨ ਤੋਂ ਐਸਐਸਓ ਸੰਦੀਪ ਦਲਾਲ ਦੀ ਅਗਵਾਈ ਵਿੱਚ ਬੀਡੀਡੀਐਸ ਟੀਮ ਤੇ ਯਮੁਨਾਨਗਰ ਤੋਂ ਡਾ.ਚੰਦਰ ਸ਼ੇਖਰ ਦੀ ਅਗਵਾਈ ਵਿਚ ਸੀਨ ਆਫ ਕ੍ਰਾਈਮ ਟੀਮ ਮੌਕੇ ’ਤੇ ਬੁਲਾਈ ਗਈ। ਜਦੋਂ ਪਾਈਪ ਤੋੜਿਆ ਗਿਆ ਤਾਂ ਉਸ ਵਿੱਚੋਂ ਚਾਰ ਗਰਨੇਡ ਮਿਲੇ। ਇਹ ਗਰਨੇਡ ਪਲਾਸਟਿਕ ਕੰਟੇਨਰਾਂ ਵਿੱਚ ਥਰਮੋਕੋਲ ਅਤੇ ਟੇਪ ਲਾ ਕੇ ਪੈਕ ਕੀਤੇ ਹੋਏ ਸਨ। ਪੁਲੀਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਸ਼ਾਹਜ਼ਾਦਪੁਰ ਥਾਣਾ ਇੰਚਾਰਜ ਵਿਕਰਾਂਤ ਨੇ ਦੱਸਿਆ ਕਿ ਸਾਰੇ ਗਰਨੇਡ ਨਕਾਰਾ ਕਰ ਦਿੱਤੇ ਗਏ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਅੰਬਾਲਾ ਵਿਚ ਪਹਿਲਾਂ ਵੀ ਗੇਰਨੇ ਗਰਨੇਡ ਮਿਲ ਚੁੱਕੇ ਹਨ।