ਸਿਰਸਾ, 29 ਮਾਰਚ
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਦੋ ਰੋਜ਼ਾ ਹੜਤਾਲ ਦੇ ਦੂਜੇ ਦਿਨ ਵੀ ਵਿਆਪਕ ਅਸਰ ਵੇਖਣ ਨੂੰ ਮਿਲਿਆ। ਰੋਡਵੇਜ਼ ਦੀਆਂ ਬੱਸਾਂ ਦਾ ਜਿਥੇ ਦੂਜੇ ਦਿਨ ਵੀ ਚੱਕਾ ਜਾਮ ਰਿਹਾ, ਉਥੇ ਹੀ ਨਵੀਂ ਸਿੱਖਿਆ ਨਿਤੀ ਦੇ ਵਿਰੋਧ ’ਚ ਸੈਂਕੜੇ ਅਧਿਆਪਕਾਂ ਨੇ ਹੜਤਾਲ ਵਿੱਚ ਸ਼ਿਰਕਤ ਕੀਤੀ ਤੇ ਨਵੀਂ ਸਿੱਖਿਆ ਨੀਤੀ ਦਾ ਡੱਟ ਕੇ ਵਿਰੋਧ ਕਰਦਿਆਂ ਸਰਕਾਰ ਖ਼ਿਲਾਫ਼ ਸਰਕਾਰ ਖ਼ਿਲਾਫ਼ ਨਆਰੇਬਾਜ਼ੀ ਕੀਤੀ। ਇਥੋਂ ਦੇ ਟਾਊਨ ਪਾਰਕ ’ਚ ਇਕੱਠੇ ਹੋਏ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ, ਵਿਦਿਆਰਥੀਆਂ, ਕਿਸਾਨਾਂ ਤੇ ਅਧਿਆਪਕਾਂ ਨੂੰ ਅਧਿਆਪਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਕਿ੍ਸ਼ਨ ਕਾਇਤ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਅਨੇਕਾਂ ਖਾਮੀਆਂ ਹਨ। ਇਸ ਦੌਰਾਨ ਹਰਿਆਣਾ ਰੁਜ਼ਗਾਰ ਕੌਸ਼ਲ ਨਿਗਮ ਰੱਦ ਕਰਨ, ਲੇਬਰ ਕੋਡ, ਬਿਜਲੀ ਬਿੱਲ 2020 ਨੂੰ ਰੱਦ ਕਰਨ, ਕੱਚੀ ਭਰਤੀ ਬੰਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਅੱਜ ਦੂਜੇ ਦਿਨ ਦੀ ਹੜਤਾਲ ਵਿੱਚ ਰੋਡਵੇਜ਼ ਤੋਂ ਇਲਾਵਾ ਬਿਜਲੀ ਨਿਗਮ, ਸਿੱਖਿਆ ਵਿਭਾਗ, ਫਾਇਰ ਬਿ੍ਗੇਡ, ਪੈਕਸ, ਮਾਰਕੀਟ ਕਮੇਟੀ, ਸਿਹਤ ਵਿਭਾਗ, ਪਟਵਾਰ ਅਤੇ ਕਾਨੂੰਨਗੋ, ਪੇਂਡੂ ਸਫਾਈ ਕਰਮਚਾਰੀ, ਨਗਰਪਾਲਿਕ ਦੇ ਕਰਮਚਾਰੀ, ਆਸ਼ਾ ਵਰਕਰ, ਮਿਡ ਡੇਅ ਮੀਲ ਵਰਕਰ, ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਕਿਸਾਨ ਅਤੇ ਸੀਟੂ ਨਾਲ ਸਬੰਧਤ ਮਜ਼ਦੂਰ ਤੇ ਕਰਮਚਾਰੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ।