Home » ਗੁਰਦਾਸਪੁਰ: ਔਰਤ ਦਾ ਕਤਲ ਕਰ ਕੇ ਲਾਸ਼ ਗਟਰ ’ਚ ਲਟਕਾਈ

ਗੁਰਦਾਸਪੁਰ: ਔਰਤ ਦਾ ਕਤਲ ਕਰ ਕੇ ਲਾਸ਼ ਗਟਰ ’ਚ ਲਟਕਾਈ

by Rakha Prabh
44 views

ਗੁਰਦਾਸਪੁਰ, 19 ਮਈ

ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਘਰ ’ਚ ਦਾਖਲ ਹੋਏ ਲੁਟੇਰੇ ਨੇ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਲੁਕਾਉਣ ਲਈ ਉਸ ਨੂੰ ਘਰ ’ਚ ਬਣੇ ਗਟਰ ਵਿੱਚ ਉਲਟਾ ਲਟਕਾ ਦਿੱਤਾ। ਇਸ ਬਾਰੇ ਜਦੋਂ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਗਟਰ ’ਚੋਂ ਬਾਹਰ ਕੱਢਿਆ। ਔਰਤ ਦੀ ਪਛਾਣ ਕਮਲਾ ਦੇਵੀ ਪਤਨੀ ਸੇਵਾਮੁਕਤ ਸੂਬੇਦਾਰ ਕਰਨ ਸਿੰਘ ਵਜੋਂ ਹੋਈ ਹੈ। ਔਰਤ ਦੇ ਗੁਆਂਢੀ ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੇ ਪਿੰਡ ਦੇ ਹੀ ਰਹਿਣ ਵਾਲੇ ਵਿਅਕਤੀ ਨੂੰ ਘਰੋਂ ਨਿਕਲਦੇ ਦੇਖਿਆ ਤਾਂ ਉਸ ਨੇ ਉਸ ਤੋਂ ਇਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਮੋਟਰਸਾਈਕਲ ’ਤੇ ਭੱਜ ਗਿਆ। ਇਸ ਮਗਰੋਂ ਉਹ ਕਮਲਾ ਦੇਵੀ ਦੇ ਘਰ ਪਹੁੰਚਿਆ ਤਾਂ ਕਮਰੇ ’ਚ ਖ਼ੂਨ ਦੇ ਛਿੱਟੇ ਸਨ ਅਤੇ ਨੇੜੇ ਹੀ ਲੋਹੇ ਦੀ ਰਾਡ ਪਈ ਸੀ ਪਰ ਕਮਲਾ ਦੇਵੀ ਦਾ ਪਤਾ ਨਹੀਂ ਲੱਗਿਆ। ਇਸ ਦੌਰਾਨ ਉਸ ਹੋਰਾਂ ਨੂੰ ਵੀ ਸੱਦ ਲਿਆ ਤੇ ਪੁਲੀਸ ਨੂੰ ਵੀ ਸੂਚਨਾ ਦਿੱਤੀ। ਲੋਕਾਂ ਨੇ ਹਰ ਜਗ੍ਹਾ ਤਲਾਸ਼ ਕਰਨ ਬਾਅਦ ਵਿਹੜੇ ’ਚ ਗਟਰ ਦੇ ਢੱਕਣ ਨੂੰ ਜਦੋਂ ਚੁੱਕਿਆ ਤਾਂ ਕਮਲਾ ਦੇਵੀ ਦੀ ਲਾਸ਼ ਲਟਕ ਰਹੀ ਸੀ। ਔਰਤ ਨੂੰ ਜਦੋਂ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਔਰਤ ਦਾ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਚੰਡੀਗੜ੍ਹ ਵਿੱਚ ਐੱਫਸੀਆਈ ਵਿੱਚ ਇੰਸਪੈਕਟਰ ਹੈ, ਜਦਕਿ ਬੇਟੀ ਰੇਣੂ ਪਠਾਨਕੋਟ ਰਹਿੰਦੀ ਹੈ। ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਮਲਾ ਦੇਵੀ ਦੀ ਬੇਟੀ ਰੇਣੂ ਚੌਧਰੀ ਦੇ ਬਿਆਨਾਂ ’ਤੇ ਮਿਥੁਨ ਉਰਫ਼ ਪ੍ਰੇਮ ਚੰਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Related Articles

Leave a Comment