ਅੰਮ੍ਰਿਤਸਰ, 29 ਮਈ ,
ਅੱਜ ਦੇ ਬੱਚੇ ਅਤੇ ਨੌਜਵਾਨ ਪੀੜ੍ਹੀ ਹੀ ਸਾਡਾ ਭਵਿੱਖ ਹਨ ਅਤੇ ਅੱਗੇ ਚੱਲ ਕੇ ਇਨ੍ਹਾਂ ਵਿੱਚੋਂ ਕੁਝ ਬੱਚਿਆਂ ਨੇ ਸਿਆਸਤ, ਡਾਕਟਰ, ਇੰਜਨੀਅਰ ਅਤੇ ਵੱਡੇ ਅਧਿਕਾਰੀ ਬਣਣਾ ਹੈ ਅਤੇ ਦੇਸ਼ ਦੀ ਵਾਂਗਡੋਰ ਨੂੰ ਸੰਭਾਲਣਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆਂ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਦੇ 47 ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਵਿੱਚੋਂ ਪਹਿਲੇ ਸਥਾਨ ਤੇ ਰਹਿ ਕੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ ਹੈ।
ਸ੍ਰੀ ਤਲਵਾੜ ਨੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚੋਂ ਹੀ ਕੁੱਝ ਨੇ ਇਸੇ ਹੀ ਕੁਰਸੀ ਤੇ ਬੈਠ ਕੇ ਦੂਜੇ ਬੱਚਿਆਂ ਨੂੰ ਸਨਮਾਨਿਤ ਕਰਨਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ, ਜਿਲ੍ਹੇ ਦਾ ਨਾਮ ਰੋਸ਼ਨ ਕਰਨ। ਸ੍ਰੀ ਤਲਵਾੜ ਨੇ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ ਅਤੇ ਦੇਸ਼ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਅਵੱਲ ਆ ਕੇ ਆਪਣਾ, ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਵਿੱਚੋਂ ਸੀ.ਬੀ.ਐਸ.ਈ. ਦਸਵੀਂ ਦੇ 4 ਵਿਦਿਆਰਥੀ, ਸੀਨੀਅਰ ਸੈਕੰਡਰੀ ਦੇ 7, ਆਈ.ਸੀ.ਐਸ.ਈ. ਦਸਵੀਂ ਦੇ 5, ਸੀਨੀਅਰ ਸੈਕੰਡਰੀ ਦੇ 4 ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦੇ 21 ਅਤੇ ਸੀਨੀਅਰ ਸੈਕੰਡਰੀ ਦੇ 6 ਵਿਦਿਆਰਥੀਆਂ ਨੇ ਅਵੱਲ ਰਹਿ ਕੇ ਜਿਲੇ੍ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸੁਸ਼ੀਲ ਤੁਲੀ, ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਰਾਜੇਸ਼ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
——