ਹੀਰੋਸ਼ੀਮਾ, 19 ਮਈ
ਜੀ-7 ਮੁਲਕਾਂ ਦੇ ਸਿਖਰ ਸੰਮੇਲਨ ਲਈ ਆਲਮੀ ਆਗੂ ਹੀਰੋਸ਼ੀਮਾ ਪੁੱਜ ਗਏ ਹਨ। ਹੀਰੋਸ਼ੀਮਾ ਜਪਾਨ ਦਾ ਉਹ ਸ਼ਹਿਰ ਹੈ ਜਿਥੇ ਅਮਰੀਕਾ ਨੇ 1945 ’ਚ ਦੁਨੀਆ ਦਾ ਪਹਿਲਾ ਐਟਮੀ ਬੰਬ ਸੁੱਟਿਆ ਸੀ। ਸਿਖਰ ਸੰਮੇਲਨ ਦੌਰਾਨ ਰੂਸ ਵੱਲੋਂ ਯੂਕਰੇਨ ’ਤੇ ਥੋਪੀ ਗਈ ਜੰਗ ਅਤੇ ਆਲਮੀ ਅਰਥਚਾਰੇ ਦਾ ਮੁੱਦਾ ਭਾਰੂ ਰਹਿਣ ਦੀ ਸੰਭਾਵਨਾ ਹੈ। ਤਿੰਨ ਰੋਜ਼ਾ ਸਿਖਰ ਸੰਮੇਲਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਅੱਜ ਮੁਲਾਕਾਤ ਕੀਤੀ। ਬਾਅਦ ’ਚ ਉਨ੍ਹਾਂ ਆਪਣੇ ਬਰਤਾਨਵੀ ਹਮਰੁਤਬਾ ਰਿਸ਼ੀ ਸੂਨਕ ਨਾਲ ਵੀ ਮੀਟਿੰਗ ਕੀਤੀ। ਕਿਸ਼ਿਦਾ ਨੇ ਬਾਇਡਨ ਨੂੰ ਕਿਹਾ ਕਿ ਜਪਾਨ-ਅਮਰੀਕੀ ਗੱਠਜੋੜ ਹਿੰਦ-ਪ੍ਰਸ਼ਾਂਤ ਸਾਗਰ ਖ਼ਿੱਤੇ ’ਚ ਸ਼ਾਂਤੀ ਅਤੇ ਸੁਰੱਖਿਆ ਦੀ ਬੁਨਿਆਦ ਹੈ। ਬਾਇਡਨ ਨੇ ਕਿਹਾ ਕਿ ਜਦੋਂ ਮੁਲਕ ਇਕਜੁੱਟ ਹੁੰਦੇ ਹਨ ਤਾਂ ਸਾਰੇ ਮਜ਼ਬੂਤ ਹੁੰਦੇ ਹਨ ਅਤੇ ਇਸ ਨਾਲ ਪੂਰੀ ਦੁਨੀਆ ਸੁਰੱਖਿਅਤ ਰਹਿੰਦੀ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਕਿ ਸਿਖਰ ਸੰਮੇਲਨ ਦੌਰਾਨ ਯੂਕਰੇਨ ’ਚ ਜੰਗ ਅਤੇ ਪਾਬੰਦੀਆਂ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਜੀ-7 ਆਗੂਆਂ ਅਤੇ ਸੱਦੇ ਗਏ ਮਹਿਮਾਨਾਂ ਵੱਲੋਂ ਚੀਨ ਨਾਲ ਸਿੱਝਣ ਲਈ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। -ਏਪੀ