ਦਲਜੀਤ ਕੌਰ
ਜਲੰਧਰ, 21 ਮਾਰਚ,
ਕਿਰਤੀ ਕਿਸਾਨ ਯੂਨੀਅਨ ਨੇ ਬੀਤੀ 11 ਮਾਰਚ ਨੂੰ ਜਲੰਧਰ ਪੁਲੀਸ ਵਲੋਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਯੂਨੀਅਨ ਦੇ ਸੂਬਾਈ ਦਫਤਰ ਤੇ ਰੇਡ ਕਰਕੇ ਦਫਤਰ ਦੀ ਤਲਾਸ਼ੀ ਲੈਣ,ਦਫਤਰ ਸਟਾਫ ਨਾਲ ਦੁਰਵਿਹਾਰ ਕਰਕੇ ਹਿਰਾਸਤ ਵਿਚ ਲੈਣ ਅਤੇ ਦਫਤਰ ਦੀ ਤਾਲਾਬੰਦੀ ਕਰਨ ਵਿਰੁੱਧ ਅੱਜ ਜਲੰਧਰ ਵਿਖੇ ਜ਼ੋਰਦਾਰ ਮੁਜ਼ਾਹਰਾ ਕਰਕੇ ਇਸ ਕਾਰਵਾਈ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਯੂਨੀਅਨ ਦੀ ਅਗਵਾਈ ਹੇਠ ਪਹਿਲਾ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਇੱਕਠੇ ਹੋਏ ਕਿਸਾਨਾਂ ਨੇ ਰੈਲੀ ਕੀਤੀ, ਮਗਰੋਂ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਤੱਕ ਮੁਜ਼ਾਹਰਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਿਆ ਕਿ ਕੀ ਕਿਰਤੀ ਕਿਸਾਨ ਯੂਨੀਅਨ ਕੋਈ ਬੈਨ ਜੱਥੇਬੰਦੀ ਹੈ? ਉਨ੍ਹਾਂ ਕਿਹਾ ਕਿ ਯੂਨੀਅਨ ਦੇ ਦਫਤਰ ਦੀ ਤਾਲਾਬੰਦੀ ਕਰਨ ਅਤੇ ਅੰਦਰ ਵੜਕੇ ਤਲਾਸ਼ੀ ਲੈਣਾ ਜਲੰਧਰ ਪੁਲੀਸ ਦੀ ਭੜਕਾਹਟ ਭਰੀ ਗੈਰ ਕਾਨੂੰਨੀ ਅਤੇ ਫਾਸ਼ੀ ਹਰਕਤ ਹੈ। ਅਜਿਹੀਆਂ ਕੋਝੀਆਂ ਹਰਕਤਾਂ ਯੂਨੀਅਨ ਵਲੋਂ ਕਿਸਾਨੀ ਮੰਗਾਂ ਖਾਤਰ,ਭਾਰਤ ਪਾਕਿਸਤਾਨ ਵਪਾਰ ਪੰਜਾਬ ਦੇ ਸੜਕੀ ਲਾਂਘਿਆਂ ਰਾਹੀਂ ਖੋਲ੍ਹੇ ਜਾਣ ਦੀ ਮੰਗ ਅਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਉਠਾਈ ਜਾ ਰਹੀ ਆਵਾਜ਼ ਨੂੰ ਚੁੱਪ ਕਰਾਉਣ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਯਾਦ ਕਰਵਾਇਆ ਕਿ ਕਿਰਤੀ ਕਿਸਾਨ ਯੂਨੀਅਨ ਦਾ ਅੱਧੀ ਸਦੀ ਤੋਂ ਵੱਧ ਦਾ ਇਤਿਹਾਸ ਸੰਘਰਸ਼ਾਂ ਅਤੇ ਕੁਰਬਾਨੀਆਂ ਦਾ ਇਤਿਹਾਸ ਰਿਹਾ। ਅਜਿਹੀਆਂ ਕੋਝੀਆਂ ਹਰਕਤਾਂ ਕਾਰਨ ਯੂਨੀਅਨ ਵੱਲੋਂ ਉਠਾਈ ਜਾ ਰਹੀ ਸੰਘਰਸ਼ੀ ਆਵਾਜ਼ ਨੂੰ ਚੁੱਪ ਨਹੀ ਕਰਵਾਇਆ ਜਾ ਸਕਦਾ। ਕਿਸਾਨ ਆਗੂਆਂ ਨੇ ਭਵਿੱਖ ਵਿੱਚ ਅਜਿਹੀਆਂ ਹਰਕਤਾਂ ਤੋਂ ਪੁਲੀਸ ਨੂੰ ਬਾਜ਼ ਆਉਣ ਦੀ ਚਿਤਾਵਨੀ ਦਿੰਦਿਆਂ ਇਸ ਕਾਰਵਾਈ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਜੱਥੇਬੰਦੀ ਦੇ ਦਫਤਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਯੂਨੀਅਨ ਦਾ ਹਰ ਮੈਂਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਲੀ ਵਿਖੇ ਕੀਤੀ ਜਾ ਰਹੀ ਮਹਾਂਪੰਚਾਇਤ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ। ਪੁਲੀਸ ਵਲੋਂ ਦਫਤਰ ਦੀ ਹਰੇਕ ਮੰਜ਼ਿਲ ਦੀ ਤਲਾਸ਼ੀ ਲਿੱਤੀ ਗਈ। ਪੁਲੀਸ ਅਧਿਕਾਰੀਆਂ ਨੇ ਦਫਤਰ ਸਟਾਫ ਨਾਲ ਸਿਰੇ ਦਾ ਦੁਰਵਿਹਾਰ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ। ਉਨ੍ਹਾਂ ਕਿਹਾ ਕਿ ਪੁਲੀਸ ਦੀ ਇਸ ਕਾਰਵਾਈ ਵਿਰੁੱਧ ਯੂਨੀਅਨ ਨੇ ਉਸੇ ਵੇਲੇ ਉੱਚ ਅਧਿਕਾਰੀਆਂ ਕੋਲ ਆਪਣਾ ਰੋਸ ਜ਼ਾਹਿਰ ਕੀਤਾ ਸੀ ਪ੍ਰੰਤੂ ਉਨ੍ਹਾਂ ਨੇ ਘੇਸਲ ਵੱਟ ਕੇ ਇਸ ਨੂੰ ਅਣਸੁਣਿਆ ਕਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲੀਸ ਯੂਨੀਅਨ ਦੇ ਦਫਤਰ ਦੇ ਅੰਦਰ ਵੜੀ ਹੈ ਅਤੇ ਤਾਲਾਬੰਦੀ ਵਰਗੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਚੁੱਪ ਕਰਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਅਤੇ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਆਰ ਐਸ ਐਸ ਵਲੋਂ ਕਿਸਾਨੀ ਸੰਘਰਸ਼ ਨੂੰ ਵੱਖਵਾਦੀ, ਦਹਿਸ਼ਤਗਰਦ ਅਤੇ ਅਰਾਜਕ ਲੋਕਾਂ ਦਾ ਸੰਘਰਸ਼ ਦੱਸਣ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੰਗਰੇਜ਼ ਸਾਮਰਾਜ ਦੀ ਚਾਕਰੀ ਕਰਨ ਅਤੇ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਵਾਲੇ ਆਰ ਐਸ ਐਸ ਨੂੰ ਇਹ ਗੱਲ ਕਦੀ ਸਮਝ ਨਹੀ ਆ ਸਕਦੀ ਕਿ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦਾ ਸਾਮਰਾਜ-ਕਾਰਪੋਰੇਟ ਵਿਰੋਧੀ ਸੰਘਰਸ਼ਾਂ ਦਾ ਲੰਮਾ ਅਤੇ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਉਨ੍ਹਾਂ ਆਰ ਐਸ ਐਸ ਦੇ ਮਤੇ ਨੂੰ ਫਿਰਕੂ ਧਰੁਵੀਕਰਨ ਕਰਨ ਦੇ ਮਕਸਦ ਨਾਲ ਪਾਸ ਕੀਤਾ ਮਤਾ ਦੱਸਦਿਆਂ ਇਸ ਕਿਸਾਨ ਵਿਰੋਧੀ ਮਤੇ ਲਈ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਦੇਸ਼ ਦੇ ਕਿਸਾਨਾਂ ਤੋਂ ਮਾਫੀ ਮੰਗਣ ਦੀ ਮੰਗ ਕੀਤੀ।
ਇਕੱਠ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਸ਼ਮੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੁਖਜਿੰਦਰ ਸਿੰਘ, ਟਰੱਕ ਯੂਨੀਅਨ ਦੇ ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ
ਇਕੱਠ ਨੂੰ ਯੂਨੀਅਨ ਦੇ ਸੂਬਾਈ ਆਗੂਆਂ ਸੰਤੋਖ ਸਿੰਘ ਸੰਧੂ, ਹਰਦੀਪ ਕੌਰ ਕੋਟਲਾ, ਸੁਰਿੰਦਰ ਸਿੰਘ ਬੈਂਸ, ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨਾਮੱਲ, ਸੁਖਚੈਨ ਸਿੰਘ, ਚਮਕੌਰ ਸਿੰਘ ਰੋਡੇ , ਨਛੱਤਰ ਸਿੰਘ ਤਰਨਤਾਰਨ, ਭੁਪਿੰਦਰ ਸਿੰਘ ਵੜੈਚ ਆਦਿ ਨੇ ਵੀ ਸੰਬੋਧਨ ਕੀਤਾ।