ਲੁਧਿਆਣਾ – 21 ਮਾਰਚ, (ਕਰਨੈਲ ਸਿੰਘ ਐੱਮ.ਏ.)—
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਵਿਖੇ ਸ. ਜਵਾਲਾ ਸਿੰਘ ਯਾਦਗਾਰੀ ਸਲਾਨਾ ਖੇਡ ਮੇਲੇ ਦੇ ਸਮਾਪਨ ਸਮਾਰੋਹ ਦੌਰਾਨ ਇਨਾਮ ਵੰਡ ਸਮਾਰੋਹ ਦਾ ਆਯੋਜਨ ਬਹੁਤ ਹੀ ਸ਼ਾਨੋ ਸ਼ੋਕਤ ਨਾਲ ਕੀਤਾ ਗਿਆ। ਕਾਲਜ ਦੇ ਚਾਰਾਂ ਸਾਲਾਂ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਸਾਲਾਂ ਨਾਲ ਸਬੰਧਤ ਖੇਡ ਮੇਲੇ ਦੇ ਬੈਨਰਾਂ ਅਤੇ ਕਾਲਜ ਦੇ ਝੰਡਿਆਂ ਦੇ ਨਾਲ ਬਹੁਤ ਹੀ ਸ਼ਾਨਦਾਰ ਫਲੈਗ ਮਾਰਚ ਕੀਤਾ। ਇਨਾਮ ਵੰਡ ਸਮਾਰੋਹ ਦਾ ਉਦਘਾਟਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਬਾਬਾ ਅਨਹਦਰਾਜ ਸਿੰਘ ਜੀ ਅਤੇ ਕਮੇਟੀ ਦੇ ਮੈਂਬਰ ਸ. ਗੁਰਪਰਤਾਪ ਸਿੰਘ ਸਾਹੀ (ਆਈ.ਏ.ਐਸ) ਸਾਬਕਾ ਚੀਫ ਸਕੱਤਰ ਪੰਜਾਬ ਵੱਲੋਂ ਕੀਤਾ ਗਿਆ। ਡਾ. ਬਾਬਾ ਅਨਹਦਰਾਜ ਸਿੰਘ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਦੌਰਾਨ ਅਹਿਮ ਸਥਾਨ ਹੈ। ਤੰਦਰੁਸਤ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਦੀ ਕਲਪਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਜਿੱਥੇ ਸਰੀਰ ਲਈ ਚੰਗੀ ਖੁਰਾਕ ਦੀ ਹਰ ਸਮੇਂ ਲੋੜ ਮਹਿਸੂਸ ਕੀਤੀ ਜਾਂਦੀ ਹੈ, ਉੱਥੇ ਖੇਡਾਂ ਨੂੰ ਅਪਣਾਏ ਜਾਣ ਤੋਂ ਬਿਨਾਂ ਅੱਜ ਦੀ ਦਬਾਅ ਤੇ ਭੱਜ ਦੌੜ ਵਾਲੀ ਜਿੰਦਗੀ ਦੌਰਾਨ ਤੰਦਰੁਸਤ ਰਹਿਣਾ ਕਠਿਨ ਹੈ। ਚੇਅਰਮੈਨ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਡਾਕਟਰਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਖੇਡਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਅਰਨੀਤ ਕੌਰ ਬੀ.ਡੀ.ਐਸ ਤੀਜਾ ਸਾਲ ਨੂੰ “ਸਮਰਵੀਰ ਸਿੰਘ ਸਾਹੀ ਉੱਤਮ ਖਿਡਾਰੀ ਪੁਰਸਕਾਰ” ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਰਵੀਰ ਸਿੰਘ ਸਾਹੀ ਜੋ ਕਿ ਸ. ਗੁਰਪਰਤਾਪ ਸਿੰਘ ਸਾਹੀ (ਆਈ.ਏ.ਐਸ) ਸਾਬਕਾ ਚੀਫ ਸਕੱਤਰ ਪੰਜਾਬ ਦੇ ਸਪੁੱਤਰ ਸਨ ਜਿਨ੍ਹਾਂ ਦੀ ਯਾਦ ਵਿੱਚ ਇਹ ਪੁਰਸਕਾਰ ਦਿੱਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਦਮਨਪ੍ਰੀਤ ਕੌਰ ਨੇ ਕਾਲਜ ਦੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਦੁਆ ਕੀਤੀ। ਇਸ ਖੇਡ ਮੇਲੇ ਵਿੱਚ ਕ੍ਰਿਕਟ, ਥਰੋ-ਬਾਲ, ਵਾਲੀਬਾਲ, ਚੈੱਸ, ਕੈਰਮਬੋਰਡ, ਆਦਿ ਖੇਡਾਂ ਤੋਂ ਇਲਾਵਾ ਰੰਗੋਲੀ, ਫੇਸ ਪੇਟਿੰਗ, ਫਲਾਵਰ ਅਰੇਂਜਮੈਂਟ, ਮਹਿੰਦੀ ਆਦਿ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਹੂਨਰ ਨੂੰ ਵੀ ਦਰਸਾਇਆ। ਇਨਾਮ ਵੰਡ ਸਮਾਰੋਹ ਵਿੱਚ ਵਿਦਿਆਰਥੀਆਂ ਦੁਆਰਾ ਕੀਤੀ ਗਈ ਭੰਗੜੇ ਦੀ ਪੇਸ਼ਕਾਰੀ ਨੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਰੱਸਾਕੱਸੀ ਦਾ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਗਿਆ।