(ਸ਼ਿਵ ਕੋੜਾ)
ਪ੍ਰਵਾਸੀ ਭਾਰਤੀਆਂ ਵੱਲੋਂ ਡਾ. ਰਾਜਨ ਆਈ ਕੇਅਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਦੇ ਪਿੰਡ ਢੀਂਡਸਾ (ਗੁਰਾਇਆ) ਸਥਿਤ ਗੁਰਦੁਆਰਾ ਸ਼ਹੀਦਾ ਸਿੰਘਾਂ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ 400 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਦਵਾਈਆਂ ਅਤੇ ਐਨਕਾਂ ਬਿਲਕੁਲ ਫਰੀ ਦਿੱਤੀਆਂ ਗਈਆਂ। ਜਦਕਿ ਅਪਰੇਸ਼ਨ ਲਈ ਚੁਣੇ ਗਏ 60 ਮਰੀਜ਼ਾਂ ਦੀਆਂ ਅੱਖਾਂ ਦਾ ਸਫ਼ਲ ਆਪ੍ਰੇਸ਼ਨ ਡਾ: ਰਾਜਨ ਆਈ ਕੇਅਰ ਵਿਖੇ ਕੀਤਾ ਗਿਆ। ਜਿੱਥੇ ਮਰੀਜ਼ਾਂ ਦੀਆਂ ਅੱਖਾਂ ਵਿੱਚ ਫੋਲਡੇਬਲ ਲੈਂਸ ਪਾਏ ਗਏ। ਅਪਰੇਸ਼ਨ ਵਾਲੇ ਮਰੀਜ਼ਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ। ਡਾ: ਰਾਜਨ ਨੇ ਅੱਖਾਂ ਦੇ ਮਰੀਜ਼ਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਅਤੇ ਧੁੱਪ, ਧੂੜ ਤੇ ਧੂੰਏਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਅੱਖਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅੱਖਾਂ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ। ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਇਸ ਉਪਰਾਲੇ ਲਈ ਕੁਲਵਿੰਦਰ ਸਿੰਘ, ਬਿੱਕਰ ਸਿੰਘ, ਗੁਰਦੀਪ ਸਿੰਘ, ਸੰਤੋਖ ਸਿੰਘ ਭੋਗਲ, ਸਰਬਜੀਤ ਭੋਗਲ ਆਦਿ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਲਈ ਬਹੁਤ ਸਹਾਈ ਸਿੱਧ ਹੁੰਦੇ ਹਨ। ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ’ਤੇ ਅੱਖਾਂ ਦੇ ਮਾਹਿਰ ਡਾ: ਐੱਸ. ਰਾਜਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਹਿਯੋਗ ਲਈ ਧੰਨਵਾਦ ਕੀਤਾ।