ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਅੱਧਾ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ, ਕਾਰ ਜ਼ਬਤ
ਬਰਨਾਲਾ, 17 ਅਕਤੂਬਰ : ਸੀਆਈਏ ਦੀ ਟੀਮ ਨੇ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਨੂੰ ਅੱਧਾ ਕਿਲੋ ਅਫੀਮ ਅਤੇ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਤਫ਼ਤੀਸ਼ੀ ਥਾਣੇਦਾਰ ਸ਼ਰੀਫ ਖ਼ਾਨ ਨੇ ਦੱਸਿਆ ਕਿ ਪੁਲਿਸ ਪਾਰਟੀ ਰਾਤ ਲਗਭਗ 10 ਵਜੇ ਪੱਖੋ ਕਲਾਂ ਤੋਂ ਤਾਜੋਕੇ ਰੋਡ ਨੂੰ ਜਾ ਰਹੀ ਸੀ। ਇਸ ਦੌਰਾਨ ਤਾਜੋਕੇ ਰੋਡ ’ਤੇ ਇਕ ਕਾਰ ’ਚ ਬੈਠਾ ਵਿਅਕਤੀ ਲਿਫ਼ਾਫ਼ੇ ’ਚੋਂ ਕੁਝ ਕੱਢ ਕੇ ਖਾਂਦਾ ਨਜ਼ਰ ਆਇਆ। ਪੁਲਿਸ ਪਾਰਟੀ ਨੇ ਉਸ ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਦੇ ਲਿਫ਼ਾਫ਼ੇ ਅੰਦਰੋਂ ਅੱਧਾ ਕਿਲੋ ਅਫੀਮ ਨਿਕਲੀ। ਇਸ ਵਿਅਕਤੀ ਦੀ ਸ਼ਨਾਖ਼ਤ ਕਰਮਜੀਤ ਸਿੰਘ ਪੋਲਾ ਵਜੋਂ ਹੋਈ ਹੈ।
ਕਰਮਜੀਤ ਸਿੰਘ ਪੋਲਾ ਅਕਾਲੀ ਦਲ ਬਾਦਲ ਦੀ ਸਰਕਾਰ ’ਚ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਸਨ। ਪੁਲਿਸ ਪਾਰਟੀ ਨੇ ਮੌਕੇ ’ਤੇ ਹੀ ਕਾਰ ਜ਼ਬਤ ਕਰਕੇ ਉਸ ਨੂੰ ਹਿਰਾਸਤ ’ਚ ਲੈ ਕੇ ਕੇਸ ਦਰਜ ਕਰ ਲਿਆ। ਥਾਣਾ ਰੂੜੇਕੇ ਕਲਾਂ ਦੇ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਸੀਆਈਏ ਸਟਾਫ ਬਰਨਾਲਾ ਕਰ ਰਿਹਾ ਹੈ।