ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ, ਪੰਜਾਬ ਪੁਲਿਸ ਦਾ ਇਹ ਬਰਖਾਸਤ ਮੁਲਾਜਮ ਵੀ ਸੀ ਸ਼ਾਮਲ
ਲੁਧਿਆਣਾ, 17 ਅਕਤੂਬਰ : ਬਟਾਲਾ ਦੇ ਪਿੰਡ ਚੱਕ ਖਾਸਾ ਕੁਲੀਆ ਦਾ ਰਹਿਣ ਵਾਲਾ ਗੁਰਮੀਤ ਸਿੰਘ ਵੀ ਪ੍ਰਸਿਧ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਸੀ। ਪੰਜਾਬ ਪੁਲਿਸ ਤੋਂ ਬਰਖਾਸਤ ਅਤੇ ਰਾਸਟਰੀ ਜੈਵਲਿਨ ਥ੍ਰੋਅਰ ਖਿਡਾਰੀ ਗੁਰਮੀਤ ਸਿੰਘ ਹੋਰ ਗੈਂਗਸਟਰਾਂ ਨਾਲ ਫਾਰਚੂਨਰ ’ਚ ਸੀ। ਸੀਆਈਏ-2 ਪੁਲਿਸ ਉਸ ਨੂੰ ਪ੍ਰੋਡਕਸਨ ਵਾਰੰਟ ’ਤੇ ਲੁਧਿਆਣਾ ਲੈ ਕੇ ਆਈ ਸੀ ਅਤੇ ਰਿਮਾਂਡ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਉਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਵੀ ਕੀਤੀ ਸੀ ਅਤੇ ਪੁਲਿਸ ਦੀ ਵਰਦੀ ਪਾ ਕੇ ਉਸ ਦੇ ਘਰ ਵੜ ਕੇ ਉਸਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪੁਲਿਸ ਨੇ ਉਸ ਕੋਲੋਂ ਪਿੰਡ ’ਚ ਛੁਪਾ ਕੇ ਰੱਖਿਆ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।
ਸੀਆਈਏ -2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਹ ਸਲੇਮ ਟਾਬਰੀ ਥਾਣੇ ’ਚ ਦਰਜ ਹੋਏ ਇੱਕ ਕਤਲ ਦੇ ਅਪਰਾਧਿਕ ਕੇਸ ਦੀ ਜਾਂਚ ਦੇ ਨਾਲ ਹਨ। ਇਸ ਮਾਮਲੇ ਦੀ ਜਾਂਚ ਲਈ ਬਟਾਲਾ ਪੁਲਿਸ ਵੱਲੋਂ ਇਰਾਦਾ ਕਤਲ ਦੇ ਕੇਸ ’ਚ ਗਿ੍ਰਫਤਾਰ ਕੀਤੇ ਗਏ ਗੁਰਮੀਤ ਸਿੰਘ ਨੂੰ ਪ੍ਰੋਡਕਸਨ ਵਾਰੰਟ ’ਤੇ ਲਿਆਂਦਾ ਗਿਆ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ 19 ਮਈ 2022 ਨੂੰ ਫਾਰਚੂਨਰ ਗੱਡੀ ’ਚੋਂ ਹਥਿਆਰ ਸਪਲਾਈ ਕੀਤੇ ਗਏ ਸਨ ਅਤੇ ਇਹ ਗੱਡੀ ਡੱਬਵਾਲੀ ਦੇ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਵੀ ਦਿਖਾਈ ਦਿੱਤੀ ਸੀ।
ਜਾਂਚ ’ਚ ਸਾਹਮਣੇ ਆਇਆ ਕਿ ਇਸ ਗੱਡੀ ’ਚ ਸਵਾਰ ਤੀਸਰੇ ਸਾਥੀ ਗੁਰਮੀਤ ਸਿੰਘ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਰਈਆ ਅਤੇ ਮਨਦੀਪ ਸਿੰਘ ਉਰਫ ਤੂਫਾਨ ਦੇ ਨਾਲ ਨਹੀਂ ਹੋ ਸਕੀ। ਕਤਲ ਤੋਂ ਬਾਅਦ ਬਟਾਲਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਇਰਾਦਾ ਕਤਲ ਦੇ ਕੇਸ ’ਚ ਗਿ੍ਰਫਤਾਰ ਕਰਕੇ ਜੇਲ੍ਹ ’ਚ ਬੰਦ ਕਰ ਦਿੱਤਾ ਹੈ। ਸੀਆਈਏ 2 ਦੀ ਪੁਲਿਸ ਵੱਲੋਂ ਹਥਿਆਰਾਂ ਦੀ ਸਪਲਾਈ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਲਦੇਵ ਚੌਧਰੀ ਅਤੇ ਹੋਰਨਾਂ ਤੋਂ ਮਿਲੇ ਇਨਪੁਟਸ ਦੇ ਆਧਾਰ ’ਤੇ ਜਦੋਂ ਗੁਰਮੀਤ ਸਿੰਘ ਮੀਤਾ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਉਹ ਇਸ ਕਤਲ ’ਚ ਸ਼ਾਮਲ ਸੀ।
ਪੁਲਿਸ ਅਨੁਸਾਰ ਗੁਰਮੀਤ ਸਿੰਘ ਉਰਫ ਮੀਤਾ ਪੰਜਾਬ ’ਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਉਹ ਜੈਵਲਿਨ ਥ੍ਰੋ ਦਾ ਰਾਸਟਰੀ ਪੱਧਰ ਦਾ ਖਿਡਾਰੀ ਰਿਹਾ ਹੈ। ਉਸ ਨੂੰ ਸ਼ਰਾਬੀ ਹੋਣ ਅਤੇ ਅਪਰਾਧਿਕ ਗਤੀਵਿਧੀਆਂ ਕਾਰਨ ਪੁਲਿਸ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਹ ਗੈਂਗਸਟਰਾਂ ਨਾਲ ਜੁੜ ਗਿਆ ਸੀ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਨੇ ਹੋਰ ਗੈਂਗਸਟਰਾਂ ਨਾਲ ਮਿਲ ਕੇ ਪੁਲਿਸ ਦੀ ਵਰਦੀ ’ਚ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ।