ਅੰਮ੍ਰਿਤਸਰ,12 ਮਾਰਚ (ਰਾਕੇਸ਼ ਨਈਅਰ ਚੋਹਲਾ)
ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟ ਤੇ ਅੰਮ੍ਰਿਤਸਰ ਲੋਕ ਸਭਾ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਆਤਮ ਵਿਸ਼ਵਾਸ ਅਤੇ ਆਤਮ ਨਿਰਭਰਤਾ ਨਾਲ ਅੱਗੇ ਵੱਧ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਵਿਜ਼ਨ ਸਵੈ-ਨਿਰਭਰ ਭਾਰਤ ਤੋਂ ਬਿਨਾਂ ਸੰਭਵ ਨਹੀਂ ਹੈ। ਭਾਰਤ ਨੇ ਵਿਕਾਸ ’ਚ ਗਤੀ ਫੜੀ ਹੈ ਅਤੇ ਦੂਜਿਆਂ ’ਤੇ ਨਿਰਭਰਤਾ ਘਟਾਈ ਹੈ,ਇਹ ਸਭ ਪ੍ਰਧਾਨ ਮੰਤਰੀ ਮੋਦੀ ਦੀ ਗਤੀਸ਼ੀਲ ਅਗਵਾਈ ’ਚ ਹੀ ਸੰਭਵ ਹੋਇਆ ਹੈ।
ਪ੍ਰੋ.ਸਰਚਾਂਦ ਸਿੰਘ ਨੇ ਦੇਸ਼ ਭਰ ’ਚ ਨਾਗਰਿਕਤਾ ਸੋਧ ਕਾਨੂੰਨ 2019 ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵੋਟ ਬੈਂਕ ਦੀ ਰਾਜਨੀਤੀ ’ਤੇ ਚਲਦਿਆਂ ਇਸ ਦਾ ਵਿਰੋਧ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਸੀ.ਏ.ਏ. ਨੂੰ ਲਾਗੂ ਕਰਕੇ ਸਿਆਸੀ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ,ਬੰਗਲਾ ਦੇਸ਼ ਅਤੇ ਅਫ਼ਗ਼ਾਨਿਸਤਾਨ ਤੋਂ ਆਏ
ਹਿੰਦੂ,ਸਿੱਖ,ਜੈਨੀ,ਬੋਧੀ,ਪਾਰਸੀ ਅਤੇ ਇਸਾਈ ਭਾਈਚਾਰੇ ਦੇ ਨਾਲ ਸੰਬੰਧਿਤ 31 ਹਜ਼ਾਰ ਸ਼ਰਨਾਰਥੀਆਂ ਨੂੰ ਤੁਰੰਤ ਹੀ ਭਾਰਤੀ ਨਾਗਰਿਕਤਾ ਮਿਲ ਜਾਵੇਗੀ।ਜਿਸ ਨਾਲ ਉਹ ਹੁਣ ਭਾਰਤੀ ਨਾਗਰਿਕਤਾ ਵਾਲੀਆਂ ਸਹੂਲਤਾਂ ਲੈਣ ਦੇ ਹੱਕਦਾਰ ਹੋ ਜਾਣਗੇ।ਉਨ੍ਹਾਂ ਕਿਹਾ ਕਿ 58 ਸੌ ਤੋਂ ਵੱਧ ਸਿੱਖ ਅਤੇ 25 ਹਜ਼ਾਰ ਤੋਂ ਵੱਧ ਹਿੰਦੂਆਂ ਨੂੰ ਇਸ ਕਾਨੂੰਨ ਦਾ ਲਾਭ ਮਿਲ ਜਾਵੇਗਾ, ਜੋ ਕਾਫ਼ੀ ਸਮੇਂ ਤੋਂ ਇਸ ਕਾਨੂੰਨ ਦੇ ਲਾਗੂ ਹੋਣ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ’ਚ ਘੱਟ ਗਿਣਤੀਆਂ ਨੂੰ ਵਿਤਕਰਿਆਂ ਦਾ ਹੀ ਨਹੀਂ ਜ਼ੁਲਮ ਵੀ ਸਹਿਣਾ ਪੈ ਰਿਹਾ ਸੀ,ਜਿਸ ਕਰਕੇ ਉਨ੍ਹਾਂ ਨੂੰ ਭਾਰਤ ’ਚ ਆਉਣ ਨੂੰ ਤਰਜ਼ੀਹ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਫ਼ਗ਼ਾਨਿਸਤਾਨ ’ਚ ਪੈਦਾ ਹੋਈ ਗੜਬੜੀ ਦੌਰਾਨ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪਾਂ ਸਮੇਤ ਹਜ਼ਾਰਾਂ ਹਿੰਦੂ ਅਤੇ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ ਸੀ।