ਚੰਡੀਗੜ੍ਹ, 15 ਮਈ
ਪੰਜਾਬ ਸਰਕਾਰ ਨੇ 10 ਜੂਨ ਤੋਂ ਝੋਨੇ ਦੀ ਲੁਆਈ ਜ਼ੋਨ ਵਾਈਜ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਾਰਜਕਾਲ ਦੇ ਪਹਿਲੇ ਵਰ੍ਹੇ ਦੌਰਾਨ ਝੋਨੇ ਦੀ ਲੁਆਈ ਜ਼ੋਨ ਵਾਈਜ਼ ਕੀਤੇ ਜਾਣ ਦੇ ਤਜਰਬੇ ਦੇ ਚੰਗੇ ਨਤੀਜੇ ਸਾਹਮਣੇ ਆਉਣ ਮਗਰੋਂ ਐਤਕੀਂ ਵੀ ਸਮੁੱਚੇ ਪੰਜਾਬ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਝੋਨੇ ਦੀ ਲੁਆਈ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਪਿਛਲੇ ਸਾਲ ਨਾਲੋਂ ਐਤਕੀਂ ਥੋੜ੍ਹਾ ਜਿਹਾ ਹੀ ਫੇਰਬਦਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਅੱਜ ਲਾਈਵ ਸੁਨੇਹੇ ਜ਼ਰੀਏ ਝੋਨੇ ਦੀ ਪੜਾਅਵਾਰ ਲੁਆਈ ਦਾ ਵਿਸਥਾਰ ਸਾਂਝਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਮਿਲਣੀਆਂ ਵਿਚ ਵੀ ਪੜਾਅਵਾਰ ਲੁਆਈ ਦੇ ਸੁਝਾਅ ਪ੍ਰਾਪਤ ਹੋਏ ਸਨ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਆਗਾਮੀ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਬਿਜਾਈ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਤਿਆਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਝੋਨੇ ਦੀ ਬਿਜਾਈ 10 ਜੂਨ, 16 ਜੂਨ, 19 ਜੂਨ ਅਤੇ 21 ਜੂਨ ਨੂੰ ਸ਼ੁਰੂ ਹੋਵੇਗੀ। ਬਿਜਾਈ ਦੀ ਪੜਾਅ ਵਾਰ ਵਿਧੀ ਨੂੰ ਲਾਗੂ ਕਰਨ ਲਈ ਸੂਬੇ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਦੇ ਖੇਤਰਾਂ ਵਿੱਚ ਝੋਨੇ ਦੀ ਲੁਆਈ ਦਾ ਕੰਮ 10 ਜੂਨ ਤੋਂ ਸ਼ੁਰੂ ਹੋ ਜਾਵੇਗਾ। ਦੂਜੇ ਪੜਾਅ ਵਿੱਚ ਸੱਤ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਰੀਦਕੋਟ, ਪਠਾਨਕੋਟ, ਸ੍ਰੀ ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਐੱਸ.ਬੀ.ਐੱਸ.ਨਗਰ ਅਤੇ ਤਰਨ ਤਾਰਨ ਵਿੱਚ 16 ਜੂਨ ਤੋਂ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ ਜਦੋਂ ਕਿ ਪਿਛਲੇ ਵਰ੍ਹੇ ਇਸ ਜ਼ੋਨ ਵਿਚ ਲੁਆਈ 14 ਜੂਨ ਨੂੰ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ ਤੀਜੇ ਪੜਾਅ ਤਹਿਤ ਸੱਤ ਜ਼ਿਲ੍ਹਿਆਂ ਰੂਪਨਗਰ, ਐੱਸ.ਏ.ਐੱਸ.ਨਗਰ, ਕਪੂਰਥਲਾ, ਲੁਧਿਆਣਾ, ਫ਼ਾਜ਼ਿਲਕਾ, ਬਠਿੰਡਾ ਅਤੇ ਅੰਮ੍ਰਿਤਸਰ ਵਿੱਚ 19 ਜੂਨ ਤੋਂ ਝੋਨਾ ਲਾਉਣਾ ਯਕੀਨੀ ਬਣਾਇਆ ਜਾਵੇਗਾ ਜਦਕਿ ਬਾਕੀ ਦੇ ਨੌਂ ਜ਼ਿਲ੍ਹਿਆਂ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਲੇਰਕੋਟਲਾ, ਬਰਨਾਲਾ ਅਤੇ ਮਾਨਸਾ ਵਿੱਚ ਝੋਨੇ ਦੀ ਲੁਆਈ 21 ਜੂਨ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਸਾਰੇ ਜ਼ੋਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਰੀਕਾਂ ਤੋਂ ਪਹਿਲਾਂ ਝੋਨਾ ਲਾਉਣ ਤੋਂ ਗੁਰੇਜ਼ ਕਰਨ। ਕਿਸਾਨਾਂ ਨੂੰ ਝੋਨੇ ਦੀ ਪਨੀਰੀ ਬੀਜਣ ਅਤੇ ਸਬਜ਼ੀਆਂ ਸਮੇਤ ਸਿੰਜਾਈ ਦੀਆਂ ਆਮ ਲੋੜਾਂ ਲਈ ਚਾਰ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਾਂਗ ਝੋਨੇ ਦੇ ਆਉਂਦੇ ਸੀਜ਼ਨ ਦੌਰਾਨ ਵੀ ਕਿਸਾਨਾਂ ਨੂੰ ਪਾਣੀ ਦੀ ਢੁਕਵੀਂ ਸਪਲਾਈ ਮਿਲੇਗੀ ਅਤੇ ਬਿਜਲੀ ਦੇਣ ਲਈ ਸੂਬਾ ਸਰਕਾਰ ਕੋਲ ਕੋਲੇ ਦਾ 45 ਦਿਨਾਂ ਦਾ ਭੰਡਾਰ ਮੌਜੂਦ ਹੈ।
ਸਿੱਧੀ ਬਿਜਾਈ ਕਰਨ ’ਤੇ ਮਿਲਣਗੇ 1500 ਰੁਪਏ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿਚ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਦੀ ਤਕਨੀਕ ਲਈ ਬਿਜਲੀ ਦੀ ਸਪਲਾਈ 20 ਮਈ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦੀ ਚੋਣ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ ਸੂਬਾ ਸਰਕਾਰ ਵੱਲੋਂ ਪ੍ਰਤੀ ਏਕੜ 1500 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਝੋਨੇ ਦੀਆਂ ਪੀ.ਆਰ. ਕਿਸਮਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ।