ਭਾਰਤ ਦੀ ਸੁਦੀਰਮਨ ਬੈਡਮਿੰਟਨ ਕੱਪ ਵਿੱਚ ਨਿਰਾਸ਼ਾਜਨਕ ਸ਼ੁਰੂਆਤ ਅਤੇ ਉਸ ਨੂੰ ਗਰੁੱਪ-ਸੀ ਵਿੱਚ ਅੱਜ ਇੱਥੇ ਆਪਣੇ ਪਹਿਲੇ ਮੁਕਾਬਲੇ ਵਿੱਚ ਚੀਨੀ ਤਾਇਪੇ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਵੱਲੋਂ ਤਨੀਸ਼ਾ ਕਰਾਸਟੋ ਅਤੇ ਕੇ. ਸਾਈ ਪ੍ਰਤੀਕ ਨੇ ਮਿਕਸਡ ਡਬਲਜ਼ ਮੁਕਾਬਲੇ ’ਚ ਪਹਿਲਾ ਸੈੱਟ ਜਿੱਤ ਕੇ ਚੰਗੀ ਸ਼ੁਰੂੁਆਤ ਕੀਤੀ ਪਰ ਅੰਤ ’ਚ ਉਹ ਯਾਂਗ ਪੋ ਹੁਆਨ ਅਤੇ ਲਿੰਗ ਫੇਂਗ ਤੋਂ 21-18 24-26 6-21 ਨਾਲ ਹਾਰ ਗੲੇ।
ਪੁਰਸ਼ ਸਿੰਗਲਜ਼ ਵਰਗ ’ਚ ਐੱਚ.ਐੱਸ. ਪ੍ਰਣੌਏ ਨੂੰ ਚੋਊ ਟਿਏਨ ਚੇਨ ਤੋਂ 19-21,15-21 ਨਾਲ ਹਾਰ ਮਿਲੀ ਜਦਕਿ ਮਹਿਲਾ ਸਿੰਗਲਜ਼ ਵਰਗ ’ਚ ਪੀ.ਵੀ. ਸਿੰਧੂ ਨੂੰ ਇੱਕ ਘੰਟਾ 4 ਮਿੰਟ ਤੱਕ ਚੱਲੇ ਸਖਤ ਮੁਕਾਬਲੇ ’ਚ ਤਾਈ ਜੂ ਹੱਥੋਂ 21-14 18-21 21-17 ਨਾਲ ਹਾਰ ਸਹਿਣੀ ਪਈ। ਇਸ ਨਾਲ ਚੀਨੀ ਤਾਇਪੇ ਨੇ ਪੰਜ ਮੈਚਾਂ ਦੇ ਮੁਕਾਬਲੇ ’ਚ ਵਿੱਚ 3-0 ਦੀ ਅਜੇਤੂ ਲੀਡ ਹਾਸਲ ਕਰ ਲਈ। ਇਸ ਮਗਰੋਂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਪੁਰਸ਼ ਡਬਲਜ਼ ਮੈਚ ਵਿੱਚ ਲੀ ਯਾਂਗ ਅਤੇ ਯੇ ਹੋਂਗ ਨੂੰ ਸਖ਼ਤ ਚੁਣੌਤੀ ਦਿੱਤੀ ਪਰ ਜੋੜੀ ਨੂੰ 13-21 21-17 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਭਾਰਤ 0-4 ਨਾਲ ਪਿੱਛੇ ਹੋ ਗਿਆ। ਹਾਲਾਂਕਿ ਮੁਕਾਬਲੇ ਦੇ ਪੰਜਵੇਂ ਤੇ ਆਖਰੀ ਮੈਚ ਵਿੱਚ ਟਰੀਸਾ ਜੌਲੀ ਅਤੇ ਪੀ. ਗਾਇਤਰੀ ਗੋਪੀਚੰਦ ਦੀ ਮਹਿਲਾ ਜੋੜੀ ਪਹਿਲੇ ਸੈੱਟ ਵਿੱਚ ਮਿਲੀ ਹਾਰ ਤੋਂ ਉਭਰਦਿਆਂ ਚੀਆ ਸੀਨ ਅਤੇ ਤੇਂਗ ਚੁਨ ਸੁਨ ਨੂੰ 21-15 18-21 13-21 ਨਾਲ ਹਰਾ ਕੇ ਚੀਨੀ ਤਾਇਪੇ ਨੂੰ ਕਲੀਨ ਸਵੀਪ ਕਰਨ ਤੋਂ ਰੋਕ ਦਿੱਤਾ। ਟੂਰਨਾਮੈਂਟ ’ਚ ਭਾਰਤ ਗਰੁੱਪ-ਸੀ ਵਿੱਚ ਆਪਣੇ ਦੂਜੇ ਮੁਕਾਬਲੇ ਵਿੱਚ ਸੋਮਵਾਰ ਨੂੰ ਮਲੇਸ਼ੀਆ ਦੀ ਟੀਮ ਦਾ ਸਾਹਮਣਾ ਕਰੇਗਾ। ਮਲੇਸ਼ੀਆ ਨੇ ਅੱਜ ਆਪਣੇ ਪਹਿਲੇ ਮੁਕਾਬਲੇ ਵਿੱਚ ਆਸਟਰੇਲੀਆ ਨੂੰ 5-0 ਨਾਲ ਹਰਾਇਆ। -ਪੀਟੀਆਈ