ਲੰਡਨ (ਭਾਸ਼ਾ)- ਮੋਰੱਕੋ ਦੇ ਸਾਬਕਾ ਟੈਨਿਸ ਖਿਡਾਰੀ ‘ਤੇ ਮੈਚ ਫਿਕਸਿੰਗ ਦੇ 135 ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਵੀਰਵਾਰ ਨੂੰ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ। ਅੰਤਰਰਾਸ਼ਟਰੀ ਟੈਨਿਸ ਦੀ ‘ਇੰਟੀਗ੍ਰਿਟੀ ਏਜੰਸੀ’ ਨੇ ਕਿਹਾ ਕਿ ਇਹ ਖੇਡ ਵਿੱਚ ਕਿਸੇ ਇੱਕ ਵਿਅਕਤੀ ਵੱਲੋਂ ਮੈਚ ਫਿਕਸਿੰਗ ਦੇ ਅਪਰਾਧਾਂ ਦੀ ਸਭ ਤੋਂ ਵੱਡੀ ਸੰਖਿਆ ਹੈ। ਡਬਲਜ਼ ਰੈਂਕਿੰਗ ‘ਚ 473ਵੇਂ ਸਥਾਨ ‘ਤੇ ਰਹੇ ਯੂਨੁਸ ਰਾਚਿਦੀ ‘ਤੇ ਏ.ਟੀ.ਪੀ. ਅਤੇ ਡਬਲਯੂ.ਟੀ.ਏ. ਗਵਰਨਿੰਗ ਬਾਡੀਜ਼ ਵੱਲੋਂ ਮਨਜ਼ੂਰ ਕਿਸੇ ਵੀ ਟੈਨਿਸ ਈਵੈਂਟ ‘ਚ ਖੇਡਣ, ਕੋਚਿੰਗ ਦੇਣ ਜਾਂ ਹਿੱਸਾ ਲੈਣ ‘ਤੇ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ‘ਤੇ 34,000 ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਭ੍ਰਿਸ਼ਟਾਚਾਰ ਰੋਕੂ ਸੁਣਵਾਈ ਅਧਿਕਾਰੀ ਜੇਨੀ ਸੋਬਲੀਅਰ ਨੇ ਫ਼ੈਸਲਾ ਸੁਣਾਇਆ ਕਿ 36 ਸਾਲਾ ਰਾਚਿਦੀ ਖ਼ਿਲਾਫ਼ ਸਾਰੇ ਦੋਸ਼ ਸਾਬਤ ਹੋ ਗਏ ਹਨ। ‘ਇੰਟੀਗ੍ਰਿਟੀ ਏਜੰਸੀ’ ਨੇ ਕਿਹਾ ਕਿ ਰਾਚਿਦੀ ਅਲਜੀਰੀਆ ਦੇ 2 ਖਿਡਾਰੀਆਂ ਦੇ ਨਾਲ ਮੈਚ ਫਿਕਸਿੰਗ ਵਿੱਚ ਸ਼ਾਮਲ ਸੀ, ਜਿਨ੍ਹਾਂ ‘ਤੇ ਹਾਲ ਹੀ ਵਿੱਚ ਬੈਲਜੀਅਮ ਵਿੱਚ ਜਾਂਚ ਤੋਂ ਬਾਅਦ ਪਾਬੰਦੀ ਲਗਾਈ ਗਈ ਸੀ।