ਇਸਲਾਮਾਬਾਦ (ਵਾਰਤਾ) ਪਾਕਿਸਤਾਨ ਨੇ ਨੀਦਰਲੈਂਡ ਵਿਚ ਕੁਰਾਨ ਦਾ ਕਾਪੀ ਨੂੰ ਪਾੜਨ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਵਿਚ ਕੀਤਾ ਗਿਆ ਘਿਨਾਉਣਾ ਅਪਰਾਧ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਅਜਿਹੀਆਂ ਇਤਰਾਜ਼ਯੋਗ ਕਾਰਵਾਈਆਂ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ‘ਚ ਬੇਚੈਨੀ ਫੈਲਾ ਸਕਦੀਆਂ ਹਨ। ਬਿਆਨ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਨੇ ਹਮੇਸ਼ਾ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਲ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ।
ਉਹਨਾਂ ਨੇ ਅੱਗੇ ਕਿਹਾ ਕਿ “ਅਸੀਂ ਇਹ ਵੀ ਮੰਨਦੇ ਹਾਂ ਕਿ ਅਜਿਹੇ ਘਿਨਾਉਣੇ ਕੰਮਾਂ ਨੂੰ ਰੋਕਣਾ ਰਾਸ਼ਟਰੀ ਸਰਕਾਰਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਜ਼ਿੰਮੇਵਾਰੀ ਹੈ”। ਇਹ ਕਾਰਵਾਈਆਂ ਧਾਰਮਿਕ ਨਫ਼ਰਤ, ਹਿੰਸਾ ਅਤੇ ਲੋਕਾਂ ਨੂੰ ਭੜਕਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ।ਮੰਤਰਾਲੇ ਦੇ ਅਨੁਸਾਰ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸਲਾਮੋਫੋਬੀਆ ਖ਼ਿਲਾਫ਼ ਸਮੂਹਿਕ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਅੰਤਰ-ਧਰਮ ਸਦਭਾਵਨਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਨੀਦਰਲੈਂਡ ‘ਚ ਪੇਗੀਡਾ ਅੰਦੋਲਨ ਦੇ ਨੇਤਾ ਐਡਵਿਨ ਵੈਗਨਵੇਲਡ ਨੇ ਐਤਵਾਰ ਨੂੰ ਹੇਗ ‘ਚ ਡੱਚ ਸੰਸਦ ਸਾਹਮਣੇ ਕੁਰਾਨ ਦੀ ਇਕ ਕਾਪੀ ਪਾੜ ਦਿੱਤੀ ਸੀ। ਕੁਝ ਇਸਲਾਮੀ ਦੇਸ਼ਾਂ ਅਤੇ ਯੂਰਪ ਦੇ ਕਈ ਮੁਸਲਿਮ ਭਾਈਚਾਰਿਆਂ ਵੱਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ।