Home » ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ ’ਚ ਨਸ਼ੇ ਕਾਰਨ ਛੇ ਮਹੀਨਿਆਂ ’ਚ ਹੋਈ 15 ਨੌਜਵਾਨਾਂ ਦੀ ਮੌਤ

ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ ’ਚ ਨਸ਼ੇ ਕਾਰਨ ਛੇ ਮਹੀਨਿਆਂ ’ਚ ਹੋਈ 15 ਨੌਜਵਾਨਾਂ ਦੀ ਮੌਤ

by Rakha Prabh
91 views

ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ ’ਚ ਨਸ਼ੇ ਕਾਰਨ ਛੇ ਮਹੀਨਿਆਂ ’ਚ ਹੋਈ 15 ਨੌਜਵਾਨਾਂ ਦੀ ਮੌਤ
ਬਠਿੰਡਾ, 27 ਅਕਤੂਬਰ : ਪਿੰਡ ਮਲਕਾਣਾ ’ਚ 18 ਵਰ੍ਹਿਆਂ ਦੇ ਨੌਜਵਾਨ ਮਹਿਕਵੀਰ ਸਿੰਘ ਦੀ ਚਿੱਟੇ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ ਜਦਕਿ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਲਾਸ਼ ਨੂੰ ਸੜਕ ’ਤੇ ਰੱਖ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਨੌਜਵਾਨ ਦੀ ਮੌਤ ਹੋਣ ’ਤੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੀ ਟੀਮ ਅਤੇ ਥਾਣਾ ਮੁਖੀ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ’ਚ ਪੁਲਿਸ ਮੌਕੇ ’ਤੇ ਪਹੁੰਚ ਗਈ। ਲੋਕਾਂ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਬੁੱਧਵਾਰ ਸਵੇਰੇ ਪਿੰਡ ਦੇ ਛੱਪੜ ’ਚ ਪਈ ਮਿਲੀ।

ਮਿ੍ਰਤਕ ਨੌਜਵਾਨ ਦੇ ਚਾਚਾ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਨੇ ਮਿਲ ਕੇ ਉਸ ਦੇ ਭਤੀਜੇ ਮਹਿਕਪ੍ਰੀਤ ਸਿੰਘ ਨੂੰ ਵੱਡੀ ਮਾਤਰਾ ’ਚ ਨਸ਼ਾ ਦੇ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਦੇ ਬਲਵੀਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਇਕ ਬਸਤੀ ਚਿੱਟੇ ਦਾ ਗੜ੍ਹ ਬਣ ਗਈ ਹੈ ਜਿੱਥੇ ਦੂਜੇ ਪਿੰਡਾਂ ਦੇ ਤਸਕਰ ਖੁੱਲ੍ਹੇਆਮ ਆਉਂਦੇ ਹਨ। ਇਸ ਤੋਂ ਪਹਿਲਾਂ ਵੀ ਇਕ ਤੋਂ ਬਾਅਦ ਇਕ ਤਿੰਨ ਪਰਿਵਾਰਾਂ ਦੇ ਇਕਲੌਤੇ ਪੁੱਤਰ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ।

ਜੇਕਰ ਸਰਕਾਰ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕਰਦੀ ਹੈ ਤਾਂ ਉਹ ਸਬੂਤਾਂ ਸਮੇਤ ਨਾਂ ਦੇਣ ਲਈ ਤਿਆਰ ਹਨ, ਪਰ ਪੁਲਿਸ ਉਨ੍ਹਾਂ ਨੂੰ ਮੁੜ ਸਰੁੱਖਿਆ ਨਹੀਂ ਦਿੰਦੀ। ਮੁਸ਼ਕਲ ਇਹ ਹੈ ਕਿ ਪੰਜਾਬ ’ਚ ਚਿੱਟੇ ਦਾ ਬੀਜ ਅਕਾਲੀ-ਭਾਜਪਾ ਦੀ ਸਾਂਝੀ ਸਰਕਾਰ ਵੇਲੇ ਹੀ ਬੀਜਿਆ ਗਿਆ ਸੀ। ਉਸ ਤੋਂ ਬਾਅਦ ਕਾਂਗਰਸ ਅਤੇ ‘ਆਪ’ ਸਰਕਾਰਾਂ ’ਚ ਨਸ਼ਿਆਂ ਦੀ ਸਪਲਾਈ ਦਾ ਕਾਰੋਬਾਰ ਸਿਖਰਾਂ ’ਤੇ ਪਹੁੰਚ ਗਿਆ। ਇਹ ਤਸਕਰ ਸਮੱਗਲੰਗ ਦੇ ਨਾਲ-ਨਾਲ ਅਪਰਾਧ ਵੀ ਕਰ ਰਹੇ ਹਨ ਜਿਸ ਕਾਰਨ ਲੋਕ ਇਨ੍ਹਾਂ ਵਿਰੁੱਧ ਮੂੰਹ ਖੋਲ੍ਹਣ ਤੋਂ ਵੀ ਡਰਦੇ ਹਨ ਕਿਉਂਕਿ ਸਮੱਗਲਰਾਂ ਦੇ ਨਾਮ ਉਜਾਗਰ ਕਰਨ ਵਾਲਿਆਂ ਨੂੰ ਵੀ ਸਰਕਾਰ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਦੀ। ਥਾਣਾ ਰਾਮਾਂ ਮੰਡੀ ਦੀ ਪੁਲਿਸ ਨੇ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਬੇਸ਼ੱਕ ਸੂਬਾ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਵੱਲੋਂ ਨਸ਼ਾ ਖ਼ਤਮ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਹਾਲਾਤ ਇਹ ਹਨ ਕਿ ਅੱਜ ਦੇ ਸਮੇਂ ’ਚ ਨਸ਼ੇ ਦਾ ਰੁਝਾਨ ਇੰਨਾ ਵਧ ਗਿਆ ਹੈ ਕਿ ਇਕੱਲੇ ਬਠਿੰਡਾ ਜ਼ਿਲ੍ਹੇ ’ਚ ਹੀ ਪਿਛਲੇ ਛੇ ਮਹੀਨਿਆਂ ’ਚ ਲਗਭਗ 15 ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਇਹ ਉਹ ਅੰਕੜਾ ਹੈ ਜਿਹੜਾ ਪੁਲਿਸ ਕੋਲ ਰਿਪੋਰਟ ਹੋਇਆ ਹੈ ਜਦੋਂ ਕਿ ਬਹੁਤੇ ਪਰਿਵਾਰ ਮੌਤ ਦਾ ਕਾਰਨ ਨਸ਼ਾ ਨਹੀਂ ਲਿਖਵਾਉਂਦੇ। ਇਸ ਲਈ ਨਸ਼ਿਆਂ ਨਾਲ ਮੌਤ ਦੇ ਮੂੰਹ ਵਿਚ ਜਾਣ ਵਾਲੇ ਨੌਜਵਾਨਾਂ ਦਾ ਅੰਕੜਾ ਕਾਫ਼ੀ ਹੈ। ਇੱਥੋਂ ਤਕ ਕਿ ਨਸ਼ਾ ਤਸਕਰਾਂ ਦੇ ਹੌਸਲੇ ਵੀ ਇੰਨੇ ਬੁਲੰਦ ਹਨ ਕਿ ਉਹ ਖੁੱਲ੍ਹੇਆਮ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ।

ਹਾਲ ਹੀ ’ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਤਿੰਨ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਜਦੋਂ ਇਕ ਵਿਅਕਤੀ ਕੋਲੋਂ ਹੈਰੋਇਨ ਫੜੀ ਗਈ ਸੀ ਤਾਂ ਉਸ ਨੇ ਪੁਲਿਸ ਉੱਪਰ ਗੱਡੀ ਚੜ੍ਹਾਉਣ ਦਾ ਯਤਨ ਵੀ ਕੀਤਾ ਸੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਨਸ਼ਾ ਤਸਕਰ ਹੁਣ ਕਿਸੇ ਤੋਂ ਵੀ ਨਹੀਂ ਡਰਦੇ ਜਦੋਂ ਕਿ ਨਸ਼ਿਆਂ ਕਾਰਨ ਮਰਨ ਵਾਲੇ ਸਾਰੇ ਨੌਜਵਾਨ 18 ਤੋਂ 24 ਸਾਲ ਦੀ ਉਮਰ ਦੇ ਹਨ।

ਪਿਛਲੇ ਛੇ ਮਹੀਨਿਆਂ ’ਚ 15 ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ। ਨੈਸ਼ਨਲ ਬਾਕਸਿੰਗ ਚੈਂਪੀਅਨ ਖਿਡਾਰੀ 22 ਸਾਲਾ ਕੁਲਦੀਪ ਸਿੰਘ ਵਾਸੀ ਤਲਵੰਡੀ ਸਾਬੋ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ। ਉਸ ਨੇ ਮੁੱਕੇਬਾਜ਼ੀ ’ਚ ਕੌਮੀ ਪੱਧਰ ’ਤੇ ਦੋ ਸੋਨ ਤਗਮਿਆਂ ਸਮੇਤ ਪੰਜ ਤਗਮੇ ਜਿੱਤੇ ਸਨ। ਅਮਰੀਕ ਸਿੰਘ ਰੋਡ ’ਤੇ ਸਥਿਤ ਹੋਟਲ ਐਮਸਨ ਪ੍ਰਾਈਡ ’ਚ ਰੁਕਣ ਲਈ ਆਏ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਉਸ ਦੀ ਲਾਸ਼ ਹੋਟਲ ਦੇ ਪਖਾਨੇ ’ਚੋਂ ਬਰਾਮਦ ਕੀਤੀ ਗਈ ਸੀ, ਜਦੋਂ ਕਿ ਉਸ ਕੋਲੋ ਨਸ਼ੇ ਦਾ ਭਰਿਆ ਟੀਕਾ ਵੀ ਮਿਲਿਆ ਸੀ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਾਰਾਜ ’ਚ 23 ਸਾਲਾ ਧਰਮਪ੍ਰੀਤ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ। ਉਧਰ ਇਸ ਮਾਮਲੇ ’ਚ ਥਾਣਾ ਰਾਮਪੁਰਾ ਪੁਲਿਸ ਨੇ ਮੁਲਜ਼ਮ ਬਲਵੀਰ ਸਿੰਘ ਵਾਸੀ ਪਿੰਡ ਮਹਿਰਾਜ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪਿੰਡ ਮਹਿਰਾਜ ’ਚ ਦੋ ਸਕੇ ਭਰਾ ਇੱਕੋ ਦਿਨ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ’ਚ ਜਾ ਪਏ ਸਨ। ਮੌੜ ਥਾਣਾ ਅਧੀਨ ਪੈਂਦੇ ਪਿੰਡ ਦੇ ਇਕ ਭੱਠੇ ਦੇ 27 ਸਾਲਾ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਮਿ੍ਰਤਕ ਦੇ ਹੱਥ ’ਚ ਇਕ ਸਿਰਿੰਜ ਫਸੀ ਹੋਈ ਸੀ। ਪੁਲਿਸ ਨੇ ਇਸ ਮਾਮਲੇ ’ਚ ਪਿੰਡ ਦੇ ਹੀ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਚਾਰ ਦਿਨ ਪਹਿਲਾਂ ਵੀ ਜ਼ਿਲ੍ਹੇ ਦੇ ਪਿੰਡ ਗਿੱਦੜ ’ਚ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ।

Related Articles

Leave a Comment