Home » ਪੀਏਯੂ ਦੇ ਵਾਈਸ ਚਾਂਸਲਰ ਸਬੰਧੀ ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿੱਖਿਆ ਪੱਤਰ, ਦਿੱਤਾ ਇਹ ਜਵਾਬ

ਪੀਏਯੂ ਦੇ ਵਾਈਸ ਚਾਂਸਲਰ ਸਬੰਧੀ ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿੱਖਿਆ ਪੱਤਰ, ਦਿੱਤਾ ਇਹ ਜਵਾਬ

by Rakha Prabh
120 views

ਪੀਏਯੂ ਦੇ ਵਾਈਸ ਚਾਂਸਲਰ ਸਬੰਧੀ ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿੱਖਿਆ ਪੱਤਰ, ਦਿੱਤਾ ਇਹ ਜਵਾਬ
ਚੰਡੀਗੜ੍ਹ, 20 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਦਿਨੋਂ ਦਿਨ ਤਕਰਾਰ ਵੱਧਦੀ ਜਾ ਰਹੀ ਹੈ। ਰਾਜਪਾਲ ਵੱਲੋਂ ਲਗਤਾਰ ਸਰਕਾਰ ਦੇ ਕੰਮਾਂ ’ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਪੀਏਯੂ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੂੰ ਅਹੁਦੇ ਤੋਂ ਹਟਾਉਣ ਦੇ ਰਾਜਪਾਲ ਵੱਲੋਂ ਆਦੇਸ਼ ਜਾਰੀ ਕਰਨਾ ਹੈ। ਇਸ ਮਾਮਲੇ ’ਚ ਤਲਖੀ ਵੱਧ ਗਈ ਹੈ। ਰਾਜਪਾਲ ਵੱਲੋਂ ਮੁੱਖ ਮੰਤਰੀ ਨੂੰ ਡਾ. ਗੋਸਲ ਨੂੰ ਇਸ ਅਹੁਦੇ ਤੋਂ ਹਟਾਉਣ ਲਈ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਜਵਾਬ ’ਚ ਅੱਜ ਮੁੱਖ ਮੰਤਰੀ ਨੇ ਰਾਜਪਾਲ ਨੂੰ ਇਕ ਪੱਤਰ ਲਿਖਿਆ ਹੈ, ਜਿਸ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਹੈ।

ਇਸ ਪੱਤਰ ’ਚ ਉਨ੍ਹਾਂ ਨੇ ਪੁਰਾਣੇ ਵੀਸੀ ਡਾ. ਬਲਦੇਵ ਸਿੰਘ ਢਿੱਲੋਂ ਅਤੇ ਡਾ. ਕੰਗ ਦੀ ਨਿਯੁਕਤੀ ਸਬੰਧੀ ਚਾਨਣਾ ਪਾਉਂਦੇ ਕਿਹਾ ਕਿ ਉਨ੍ਹਾਂ ਸਣੇ ਸਾਰੇ ਵੀਸੀਜ਼ ਦੀ ਨਿਯੁਕਤੀ ਲਈ ਕਦੇ ਵੀ ਰਾਜਪਾਲ ਦੀ ਆਗਿਆ ਨਹੀਂ ਲਈ ਗਈ। ਉਨ੍ਹਾਂ ਪੱਤਰ ’ਚ ਦੱਸਿਆ ਕਿ ਇਹ ਨਿਯੁਕਤੀ ਹਰਿਆਣਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਐਕਟ 1970 ਤੇ ਤਹਿਤ ਹੋਈ ਹੈ। ਇਹ ਨਿਯੁਕਤੀ ਪੀਏਯੂ ਦੇ ਬੋਰਡ ਵੱਲੋਂ ਕੀਤੀ ਜਾਂਦੀ ਹੈ। ਇਸ ’ਚ ਰਾਜਪਾਲ ਜਾਂ ਮੁੱਖ ਮੰਤਰੀ ਦੀ ਕੋਈ ਭੂਮਿਕਾ ਨਹੀਂ ਹੁੰਦੀ।

ਉਨ੍ਹਾਂ ਇਹ ਵੀ ਲਿਖਿਆ ਕਿ ਡਾ. ਗੋਸਲ ਮੰਨੇ ਪ੍ਰਮੰਨੇ ਵਿਗਿਆਨੀ ਹਨ ਅਤੇ ਬੇਹੱਦ ਸਨਮਾਨਿਤ ਪੰਜਾਬੀ ਸਿੱਖ ਹਨ। ਰਾਜਪਾਲ ਵੱਲੋਂ ਅਜਿਹੇ ਵਿਅਕਤੀ ਨੂੰ ਹਟਾਏ ਜਾਣ ’ਤੇ ਪੰਜਾਬ ਵਾਸੀ ਗੁੱਸੇ ’ਚ ਹਨ।

ਉਨ੍ਹਾਂ ਆਪਣੇ ਪੱਤਰ ’ਚ ਰਾਜਪਾਲ ਵੱਲੋਂ ਵੱਖ-ਵੱਖ ਸਮਿਆਂ ’ਤੇ ਸਰਕਾਰ ਦੇ ਕੰਮਾਂ ’ਚ ਕੀਤੀ ਗਈ ਦਖਲਅੰਦਾਜ਼ੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੂੰ ਲੈ ਕੇ ਪੰਜਾਬ ਦੀ ਜਨਤਾ ਦੁਖੀ ਹੈ ਕਿਉਂਕਿ ਉਨ੍ਹਾਂ ਨੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਲਿਆਂਦਾ ਸੀ ਤਾਂ ਜੋ ਉਨ੍ਹਾਂ ਦੇ ਕੰਮ ਹੋ ਸਕਣ ਅਤੇ ਮੈਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹਾਂ। ਜਦੋਂ ਕੋਈ ਵੀ ਵਿਅਕਤੀ ਸਰਕਾਰ ਦੇ ਕੰਮਾਂ ’ਚ ਰੁਕਾਵਟ ਪਾਉਂਦਾ ਹੈ ਤਾਂ ਜਨਤਾ ਉਸ ਨੂੰ ਬਰਦਾਸ਼ਤ ਨਹੀਂ ਕਰਦੀ।

ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿਖੇ ਪੱਤਰ ’ਚ ਸਲਾਹ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਕਈ ਵਾਰ ਮਿਲ ਚੁੱਕਿਆ ਹਾਂ। ਤੁਸੀਂ ਬਹੁਤ ਹੀ ਨੇਕ ਦਿਲ ਅਤੇ ਚੰਗੇ ਇਨਸਾਨ ਹੋ। ਤੁਸੀਂ ਇਹ ਸਾਰੇ ਕੰਮ ਖੁਦ ਨਹੀਂ ਕਰ ਸਕਦੇ। ਜੋ ਵੀ ਤੁਹਾਡੇ ਤੋਂ ਅਜਿਹੇ ਕੰਮ ਕਰਵਾ ਰਹੇ ਹਨ, ਉਹ ਪੰਜਾਬ ਦੇ ਹਿਤੈਸ਼ੀ ਨਹੀਂ ਹਨ। ਉਹ ਤੁਹਾਨੂੰ ਪਿੱਠ ਪਿੱਛੇ ਕਹਿੰਦੇ ਹਨ ਤੇ ਬਦਨਾਮ ਤੁਸੀਂ ਹੋ ਰਹੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਨਾ ਸੁਣੋ। ਕਿ੍ਰਪਾ ਕਰਕੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਆਪਣਾ ਕੰਮ ਕਰਨ ਦਿਓ ਕਿਉਂਕਿ ਲੋਕਤੰਤਰ ’ਚ ਲੋਕ ਹੀ ਵੱਡੇ ਹੁੰਦੇ ਹਨ।

Related Articles

Leave a Comment