Home » ਪੰਜਾਬ ਯੂ.ਟੀ ਮੁਲਾਜ਼ਮ ਅਤੇ ਸਾਂਝਾ ਫਰੰਟ ਵੱਲੋਂ ਕੀਤਾ ਗਿਆ ਅਰਥੀ ਫੂਕ ਮੁਜਾਹਰਾ

ਪੰਜਾਬ ਯੂ.ਟੀ ਮੁਲਾਜ਼ਮ ਅਤੇ ਸਾਂਝਾ ਫਰੰਟ ਵੱਲੋਂ ਕੀਤਾ ਗਿਆ ਅਰਥੀ ਫੂਕ ਮੁਜਾਹਰਾ

by Rakha Prabh
54 views

ਪੰਜਾਬ ਯੂ.ਟੀ ਮੁਲਾਜ਼ਮ ਅਤੇ ਸਾਂਝਾ ਫਰੰਟ ਵੱਲੋਂ ਕੀਤਾ ਗਿਆ ਅਰਥੀ ਫੂਕ ਮੁਜਾਹਰਾ
–ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਜਲਦ ਨਾ ਕੀਤਾ ਤਾਂ ਸੰਘਰਸ਼ ਕੀਤਾ ਜਾਵੇਗਾ ਤੇਜ : ਆਗੂ
ਫਿਰੋਜ਼ਪੁਰ, 20 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ/ਸੁਖਚੈਨ ਸਿੰਘ ਸੰਧੂ) : ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੱਜ ਡਿਪਟੀ ਕਮਿਸ਼ਨ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਦੇ ਜ਼ਿਲ੍ਹਾ ਕਨਵੀਨਰ ਕਿਸ਼ਨ ਲਾਲ ਗਾਬਾ, ਰਾਮ ਪ੍ਰਸ਼ਾਦ, ਕਿਸ਼ਨਚੰਦ ਜਾਗੋਵਾਲੀਆਂ, ਮਨੋਹਰ ਲਾਲ, ਰਾਕੇਸ਼ ਕੁਮਾਰ, ਬਲਬੀਰ ਸਿੰਘ ਕੰਬੋਜ਼ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਚੌਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਨਹੀ ਕੀਤਾ ਗਿਆ, ਸਗੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਂ ਸਹਲੂਤਾਂ ਨੂੰ ਖੋਹਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਂਝੇ ਫਰੰਟ ਦੀ 20 ਸਤੰਬਰ ਨੂੰ ਵਿੱਤ ਮੰਤਰੀ ਦੇ ਨਾਲ ਹੋਈ ਮੀਟਿੰਗ ਮੌਕੇ ਡੂੰਘੀਆਂ ਵਿਚਾਰਾਂ ਤੋਂ ਬਾਅਦ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀ ਕੀਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਨਿੱਜੀ ਰੂਪ ਦੈਂਤ ਨੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰੇ ਨਿਘਲ ਲਏ ਹਨ, ਵਿਭਾਗਾਂ ਦੀ ਆਕਾਰ ਘਟਾਈ, ਉੱਕਾ-ਪੁੱਕਾ ਠੇਕਾ, ਡੈਲੀਵੇਸ ਅਤੇ ਆਊਟ ਸੋਰਸਿੰਗ ’ਤੇ ਭਰਤੀਆਂ ਸ਼ੁਰੂ ਕਰ ਦਿੱਤੀਆਂ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਤਰਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਸਾਰੇ ਮੁਲਾਜ਼ਮਾਂ ਤੇ ਲਾਗੂ ਕੀਤੀ ਜਾਵੇ, ਪੈਨਸ਼ਨਰਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਦਾ ਗੁਣਕ 2.59 ਨਾਲ ਪੈਨਸ਼ਨ ਫਿਕਸ ਕੀਤੀ ਜਾਵੇ, 6ਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ, ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਆਦਿ ਬਕਾਇਆ ਤੁਰੰਤ ਦਿੱਤਾ ਜਾਵੇ ਅਤੇ ਮੁਲਾਜ਼ਮਾਂ ਤੇ ਲਗਾਇਆ 200 ਰੁਪਏ ਜੰਜ਼ਿਆ ਟੈਕਸ ਬੰਦ ਕੀਤਾ ਜਾਵੇ। ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਬੰਦ ਕੀਤੇ ਭੱਤੇ ਲਾਗੂ ਕੀਤੇ ਜਾਣ, ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਹੱਕ ’ਚ ਹੋਏ ਅਦਾਲਤੀ ਫੈਸਲੇ ਲਾਗੂ ਕਰਕੇ ਜਾਰੀ ਕੀਤੇ ਜਾਣ। ਉਨਾਂ ਕਿਹਾ ਕਿ ਸੰਘਰਸ਼ਾਂ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਦਰਜ਼ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।

ਇਸ ਉਪਰੰਤ ਸਾਂਝਾ ਫਰੰਟ ਵੱਲੋਂ ਵਿੱਤ ਮੰਤਰੀ ਦਾ ਪੁਤਲਾ ਡਿਪਟੀ ਕਮਿਸ਼ਨਰ ਫਿਰੋਜ਼ੁਪਰ ਦੇ ਦਫ਼ਤਰ ਅੱਗੇ ਫੂਕਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ’ਚ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਗੁਰਦੇਵ ਸਿੰਘ ਸਿੱਧੂ ਜ਼ਿਲਾ ਪ੍ਰਧਾਨ ਪ.ਸ.ਸ.ਫ ਫਿਰੋਜ਼ਪੁਰ, ਬਲਵਿੰਦਰ ਸਿੰਘ ਭੁੱਟੋ ਜ਼ਿਲਾ ਪ੍ਰਧਾਨ ਜੀਟੀਯੂ, ਬਲਵੰਤ ਸਿੰਘ ਪ੍ਰਧਾਨ ਪੀਡਬਲਿਊਡੀ ਫੀਲਡ ਵਰਕਰ ਯੂਨੀਅਨ, ਬਲਵੀਰ ਸਿੰਘ ਗੋਖੀਵਾਲਾ ਜੰਗਲਾਤ ਵਰਕਰ ਯੂਨੀਅਨ, ਸ਼ੇਰ ਸਿੰਘ ਜੰਗਲਾਤ ਵਿਭਾਗ, ਜੋਗਿੰਦਰ ਸਿੰਘ ਕਮੱਗਰ ਜੰਗਲਾਤ ਵਿਭਾਗ, ਅਜੀਤ ਸਿੰਘ ਜੰਗਲਾਤ ਵਿਭਾਗ , ਹਰਪਾਲ ਸਿੰਘ ਸੰਧੂ, ਜਸਪਾਲ ਸਿੰਘ ਚੱਬਾ, ਜਗਜੀਤ ਸਿੰਘ ਭਾਗਰ , ਜਸਵਿੰਦਰ ਸਿੰਘ ਕੌੜਾ, ਦਵਿੰਦਰ ਸਿੰਘ ਯਾਰੇਸਾਹ ਵਾਲਾ,ਰਾਜ ਕੁਮਾਰ , ਮੁਖਤਿਆਰ ਸਿੰਘ ਮੱਲਾਂਵਾਲਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ’ਚ ਵਰਕਰ ਹਾਜਰ ਸਨ।

 

Related Articles

Leave a Comment