ਪਟਿਆਲਾ, 27 ਮਾਰਚ, (ਯੂ.ਐਨ.ਆਈ.)- ਪੰਜਾਬ ਵਿੱਚ ਗਰਮੀਆਂ ਸ਼ੁਰੂ ਹੁੰਦੇ ਹੀ ਬਿਜਲੀ ਦੀ ਮੰਗ ਵਧ ਗਈ ਹੈ। ਅੱਜ ਬਿਜਲੀ ਦੀ ਮੰਗ 8800 ੰਾਂ ਦਰਜ ਕੀਤੀ ਗਈ ਹੈ। ਬਿਜਲੀ ਸੰਕਟ ਵਿਚਕਾਰ ਪੰਜਾਬ ਪਾਵਰਕਾਮ ਨੂੰ ਬਾਹਰੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ। ਅੱਜ ਵੀ ਪੰਜਾਬ 15 ਤੋਂ 18 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦ ਰਿਹਾ ਹੈ। ਪੰਜਾਬ ਦੇ ਨਿੱਜੀ ਥਰਮਲ ਪਲਾਂਟਾਂ ਵਿੱਚ ਸਿਰਫ਼ 3 ਤੋਂ 6 ਦਿਨਾਂ ਦਾ ਕੋਲਾ ਬਚਿਆ ਹੈ। ਅਜਿਹੇ ’ਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਚ ਹਲਚਲ ਮਚ ਗਈ ਹੈ। ਹਾਲਾਤ ਵਿਗੜਦੇ ਦੇਖ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੀ ਟੀਮ ਝਾਰਖੰਡ ਭੇਜ ਦਿੱਤੀ ਹੈ ਜਿਸ ਨਾਲ ਉੱਥੇ ਕੋਲੇ ਦੀ ਸਪਲਾਈ ਯਕੀਨੀ ਹੋਵੇਗੀ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਠੱਪ ਹੋਣ ਦੀ ਸੰਭਾਵਨਾ ਹੈ। 1400 ਮੈਗਾਵਾਟ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਕੋਲ ਸਿਰਫ਼ 6 ਦਿਨ ਦਾ ਕੋਲਾ ਬਚਿਆ ਹੈ। ਜਿਸ ਦਾ ਇੱਕ ਯੂਨਿਟ ਅੱਜ ਭਾਵੇਂ ਕਿ ਤਕਨੀਕੀ ਖ਼ਰਾਬੀ ਕਰਕੇ ਬੰਦ ਹੋ ਗਿਆ ਹੈ ਪਰ ਬਿਜਲੀ ਦੀ ਸਪਲਾਈ ਵਿੱਚ ਅੜਿੱਕਾ ਜ਼ਰੂਰ ਖੜ੍ਹਾ ਹੋ ਗਿਆ ਹੈ। ਇਸੇ ਪਲਾਂਟ ਦਾ ਮਹਿਜ਼ ਇੱਕ ਯੂਨਿਟ ਹੀ ਚੱਲ ਰਿਹਾ ਹੈ। 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਸਿਰਫ 3 ਦਿਨਾਂ ਦਾ ਕੋਲਾ ਹੈ। ਗੋਇੰਦਵਾਲ ਸਾਹਿਬ ਵਿੱਚ 2 ਦਿਨ ਦਾ ਕੋਲਾ ਬਚਿਆ ਹੈ। ਇਸ ਦੀ ਸਮਰੱਥਾ 540 ਮੈਗਾਵਾਟ ਹੈ ਪਰ ਇੱਕ ਯੂਨਿਟ ਹੀ ਚੱਲ ਰਿਹਾ ਹੈ। ਸਰਕਾਰੀ ਥਰਮਲ ਪਲਾਂਟਾਂ ਦਾ ਉਤਪਾਦਨ ਵੀ ਪੂਰਾ ਨਹੀਂ ਹੈ। ਸਰਕਾਰੀ ਥਰਮਲ ਪਲਾਂਟਾਂ ’ਚ ਸ਼ਾਮਲ ਰੋਪੜ ਥਰਮਲ ਪਲਾਂਟ ’ਚ 16 ਦਿਨ ਕੋਲਾ ਬਚਿਆ ਹੈ ਪਰ ਉਤਪਾਦਨ ਪੂਰਾ ਨਹੀਂ ਹੋ ਰਿਹਾ। ਇਹ ਪਲਾਂਟ 840 ਮੈਗਾਵਾਟ ਦਾ ਹੈ ਪਰ ਉਤਪਾਦਨ 544 ਮੈਗਾਵਾਟ ਹੋ ਰਿਹਾ ਹੈ। ਜਦੋਂ ਕਿ ਲਹਿਰਾ ਮੁਹੱਬਤ ਦੀ ਸਮਰੱਥਾ 920 ਮੈਗਾਵਾਟ ਹੈ। ਇੱਥੇ ਵੀ 15 ਦਿਨ ਦਾ ਕੋਲਾ ਬਚਿਆ ਹੈ। ਇੱਥੇ ਪ੍ਰੋਡਕਸ਼ਨ ਪੂਰੀ ਦੱਸੀ ਜਾ ਰਹੀ ਹੈ। ਕੋਲੇ ਦੀਆਂ ਵਧਦੀਆਂ ਕੀਮਤਾਂ ਕਾਰਨ ਖਰੀਦ ਵਿੱਚ ਦੇਰੀ ਹੋ ਰਹੀ ਹੈ। ਮਾਹਿਰਾਂ ਅਨੁਸਾਰ ਕੋਲ ਇੰਡੀਆ ਲਿਮਟਿਡ ਨੇ ਜਨਤਕ ਖੇਤਰ ਦੇ ਥਰਮਲ ਪਲਾਂਟਾਂ ਲਈ 4,000 ਰੁਪਏ ਪ੍ਰਤੀ ਮੀਟਿ੍ਰਕ ਟਨ ਦੇ ਸਮਝੌਤੇ ਉਤੇ ਦਸਤਖਤ ਕੀਤੇ ਹਨ। ਹਾਲਾਂਕਿ, ਪ੍ਰਾਈਵੇਟ ਥਰਮਲ ਪਲਾਂਟ ਆਨਲਾਈਨ ਬੋਲੀ ਰਾਹੀਂ ਕੋਲੇ ਦੀ ਖ਼ਰੀਦ ਕਰਦੇ ਹਨ। ਗਰਮੀਆਂ ’ਚ ਇਸ ਦੀ ਮੰਗ ਵਧਣ ਕਾਰਨ ਰੇਟ ਵੀ ਕਰੀਬ 350 ਫ਼ੀਸਦੀ ਵਧ ਗਏ ਹਨ ਜਿਸ ਕਾਰਨ ਕੋਲਾ ਨਹੀਂ ਖ਼ਰੀਦਿਆ ਜਾ ਰਿਹਾ ਹੈ। ਇਸ ਕਾਰਨ ਕੋਲੇ ਦਾ ਸੰਕਟ ਪੈਦਾ ਹੋ ਰਿਹਾ ਹੈ। ਪਿਛਲੇ ਸਾਲ ਪੰਜਾਬ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਵਿੱਚ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਪੰਜਾਬੀਆਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਕੋਲੇ ਦੀ ਘਾਟ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਲਗਪਗ ਠੱਪ ਹੋ ਗਿਆ ਹੈ। ਪਿਛਲੇ ਸਾਲ ਬਿਜਲੀ ਸੰਕਟ ਨੂੰ ਸੰਭਾਲਣ ’ਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਨਾਕਾਮ ਰਹੀ ਸੀ। ਖੇਤੀ ਤੇ ਉਦਯੋਗਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣਾ ਤਾਂ ਦੂਰ, ਕੋਲੇ ਦੇ ਸੰਕਟ ਨੇ ਘਰਾਂ ਦੀਆਂ ਬੱਤੀਆਂ ਵੀ ਬੰਦ ਕਰ ਦਿੱਤੀਆਂ। ਹੁਣ ਪੰਜਾਬ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਅਜਿਹੇ ’ਚ ਉਨ੍ਹਾਂ ਨੂੰ ਹੁਣ ਬਿਜਲੀ ਸੰਕਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।