ਸੁਨਾਮ ਊਧਮ ਸਿੰਘ ਵਾਲਾ, 27 ਮਾਰਚ – ਮਾਲ ਵਿਭਾਗ ਦੇ ਅਮਲੇ ਨਾਲ ਮੀਟਿੰਗ ਤੋਂ ਬਾਅਦ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਹਲਕੇ ਨਾਲ ਸਬੰਧਿਤ ਪੁਲਿਸ ਪ੍ਰਸ਼ਾਸਨ ਨੂੰ ਚੁਸਤ-ਦਰੁਸਤ ਕਰਨ ਦੀ ਕਵਾਇਦ ਨਾਲ ਸੱਦੀ ਮੀਟਿੰਗ ਵਿਚ ਸ਼ਹਿਰ ਅੰਦਰ ਨਸ਼ੇ ਦੇ ਚੱਲ ਰਹੇ ਕਥਿਤ ਕਾਲੇ ਕਾਰੋਬਾਰ ਦਾ ਮੁੱਦਾ ਪੱਤਰਕਾਰਾਂ ਨੇ ਗੰਭੀਰਤਾ ਨਾਲ ਚੁੱਕਿਆ। ਵਿਧਾਇਕ ਅਮਨ ਅਰੋੜਾ ਨੇ ਸਪੱਸ਼ਟ ਕਿਹਾ ਕਿ ਭਿ੍ਸਟਾਚਾਰ ਅਤੇ ਨਸ਼ਿਆਂ ਦੇ ਖਾਤਮੇ ਲਈ ਸੂਬੇ ਦੀ ਸਰਕਾਰ ਸਖਤ ਕਦਮ ਚੁੱਕ ਰਹੀ ਹੈ। ਅਜਿਹਾ ਵਰਤਾਰਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਰਾਜ ਦੌਰਾਨ ਰਾਜਨੀਤਿਕ ਆਗੂਆਂ ਅਤੇ ਪੁਲਿਸ ਗਠਜੋੜ ਦੀ ਕਥਿਤ ਸਾਂਝ ਨੇ ਸੂਬੇ ਦੀ ਨੌਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ, ਭਗਵੰਤ ਮਾਨ ਸਰਕਾਰ ਦੇ ਰਾਜ ਦੌਰਾਨ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਮੌਕੇ ‘ਤੇ ਮੌਜੂਦ ਡੀਐੱਸਪੀ ਸੁਖਰਾਜ ਸਿੰਘ ਘੁੰਮਣ ਨੂੰ ਕਿਹਾ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾਉਣ ਲਈ ਪੁਲਿਸ ਮੁਸ਼ਤੈਦੀ ਅਤੇ ਇਮਾਨਦਾਰੀ ਨਾਲ ਕੰਮ ਕਰੇ ਅਤੇ ਥਾਣਿਆਂ ਵਿਚ ਕੰਮ ਕਰਵਾਉਣ ਆਏ ਲੋਕਾਂ ਨੂੰ ਸਮਾਂਬੱਧ ਇਨਸਾਫ ਦਿੱਤਾ ਜਾਵੇ। ਵਿਧਾਇਕ ਅਮਨ ਅਰੋੜਾ ਨੇ ਪਹਿਲਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਿੰਨਾਂ ਨੂੰ ਸਰਕਾਰ ਤੋਂ ਪੂਰੀਆਂ ਕਰਵਾਉਣ ਦਾ ਭਰੋਸਾ ਦਿਵਾਇਆ।