ਲੁਧਿਆਣਾ, 29 ਮਈ
ਬੁੱਢੇ ਦਰਿਆ ਅਤੇ ਸਤਲੁਜ ਦੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀਆਂ ਵਾਤਾਵਰਨ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਅੱਜ ਬੁੱਢਾ ਦਰਿਆ ਪੈਦਲ ਯਾਤਰਾ ਭਾਗ-2 ਦਾ ਪੰਜਵਾਂ ਗੇੜ ਮੁਕੰਮਲ ਕਰ ਲਿਆ ਗਿਆ। ਇਸ ਤਹਿਤ ਅੱਜ ਸਥਾਨਕ ਆਰਤੀ ਚੌਂਕ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਅਤੇ ਬੁੱਢਾ ਨਾਲਾ ਸਮੇਤ ਸਤਲੁਜ ਨੂੰ ਪ੍ਰਦੂਸ਼ਣ ਰਹਿਤ ਕਰਨ ਦੀ ਅਪੀਲ ਕੀਤੀ ਗਈ। ਸ਼ਾਂਤਮਈ ਰੋਸ ਪ੍ਰਦਰਸ਼ਨ ਅਤੇ ਜਾਗਰੂਕਤਾ ਮੁਹਿੰਮ ਦੇ ਅਖੀਰ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਅੱਜ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਅਤੇ ਜਾਗਰੂਕਤਾ ਮੁਹਿੰਮ ਦੀ ਅਗਵਾਈ ਵਾਤਾਵਰਨ ਪ੍ਰੇਮੀ ਦਾਨ ਸਿੰਘ ਓਸ਼ਨ ਨੇ ਕੀਤੀ। ਇਸ ਦੌਰਾਨ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਥਾਨਕ ਆਰਤੀ ਚੌਕ ਵਿੱਚ ਵੱਖ ਵੱਖ ਥਾਵਾਂ ’ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਅਤੇ ਰਾਹਗੀਰਾਂ, ਦੁਕਾਨਦਾਰਾਂ ਨੂੰ ਬੁੱਢੇ ਦਰਿਆ ਅਤੇ ਸਤਲੁਜ ਵਿੱਚ ਵਧ ਰਹੇ ਪ੍ਰਦੂਸ਼ਣ ਤੋਂ ਜਾਣੂ ਕਰਵਾਉਂਦਿਆਂ ਇਸ ਨੂੰ ਰੋਕਣ ਦੀ ਅਪੀਲ ਕੀਤੀ। ਇਸ ਮੌਕੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੇ ਗਲ ਵਿੱਚ ਵੱਖ ਵੱਖ ਨਾਅਰੇ ਲਿਖੀਆਂ ਤਖਤੀਆਂ ਵੀ ਪਾਈਆਂ ਹੋਈਆਂ ਸਨ। ਵਾਤਾਵਰਨ ਪ੍ਰੇਮੀਆਂ ਬਲਵਿੰਦਰ ਕੌਰ ਸੈਣੀ, ਮਨਿੰਦਰ ਸਿੰਘ ਬਿਨੇਪਾਲ, ਸੁਰੇਸ਼ ਮੱਲ੍ਹਣ, ਰਾਜੂ ਕਵਾਤਰਾ, ਮਹਿੰਦਰ ਸਿੰਘ ਸੇਖੋਂ ਆਦਿ ਨੇ ਕਿਹਾ ਕਿ ਬੁੱਢੇ ਦਰਿਆ ਅਤੇ ਸਤਲੁਜ ਵਿੱਚ ਪ੍ਰਦੂਸ਼ਣ ਵਧਣ ਨਾਲ ਇਸ ਦੇ ਨਾਲ ਲੱਗਦੇ ਖੇਤਰਾਂ ਦੀ ਮਿੱਟੀ ਵੀ ਪ੍ਰਦੂਸ਼ਿਤ ਹੋ ਰਹੀ ਹੈ ਜਿਸ ਕਰਕੇ ਇਹ ਪੰਜਾਬ ਵਿੱਚ ਹੀ ਨਹੀਂ ਸਗੋਂ ਨਾਲ ਲੱਗਦੇ ਸੂਬਿਆਂ ਵਿੱਚ ਵੀ ਬਿਮਾਰੀਆਂ ਵੰਡ ਰਹੇ ਹਨ। ਉਨ੍ਹਾ ਆਖਿਆ, ‘‘ਜੇਕਰ ਅਸੀਂ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਨਾ ਜਾਗੇ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ। ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸਾਨੂੰ ਗੂੜ੍ਹੀ ਨੀਂਦ ਵਿੱਚੋਂ ਜਾਗ ਕੇ ਪ੍ਰਦੂਸ਼ਣ ਵਿਰੁੱਧ ਡਟਣਾ ਪਵੇਗਾ।’’ ਇਸ ਮੌਕੇ ਗੁਰਪ੍ਰੀਤ ਸਿੰਘ ਪਲਾਹਾ, ਰਾਜੇਸ਼ ਮਲਹੋਤਰਾ, ਐਡਵੋਕੇਟ ਯੋਗੇਸ਼ ਖੰਨਾ, ਐਡਵੋਕੇਟ ਰਵਿੰਦਰ ਸਿੰਘ ਅਰੋੜਾ, ਕਰਨਲ ਜੇਐਸ ਗਿੱਲ ਅਤੇ ਹੋਰਨਾਂ ਨੇ ਵਿਧਾਇਕ ਗੁਰਪਤੀ ਗੋਗੀ ਨੂੰ ਮੰਗ ਪੱਤਰ ਸੌਂਪਿਆ। ਕੋਆਰਡੀਨੇਟਰ ਕਰਨਲ ਸੀਐਮ ਲਖਨਪਾਲ ਨੇ ਦੱਸਿਆ ਕਿ ਪੈਦਲ ਯਾਤਰਾ-2 ਦਾ ਛੇਵਾਂ ਗੇੜ੍ਹ 4 ਜੂਨ ਨੂੰ ਗਿੱਲ ਰੋਡ ਨੇ ਨਹਿਰ ਦੇ ਪੁਲ ਤੋਂ ਸ਼ੁਰੂ ਕੀਤੀ ਜਾਵੇਗੀ।
