ਫਗਵਾੜਾ 2 ਜੁਲਾਈ (ਸ਼ਿਵ ਕੋੜਾ)ਪੰਜਾਬ ਕਿਕ ਬਾਕਸਿੰਗ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ 2023 ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਈ। ਚੈਂਪੀਅਨਸ਼ਿਪ ਦਾ ਉਦਘਾਟਨ ਸ੍ਰੀਮਤੀ ਗਰਿਮਾ ਸਿੰਘ (ਸਕੱਤਰ ਵਿੱਤ) ਜੋ ਕਿ ਪੰਜਾਬ ਕਿਕ ਬਾਕਸਿੰਗ ਐਸੋਸੀਏਸ਼ਨ ਦੇ ਚੇਅਰਪਰਸਨ ਵੀ ਹਨ, ਵਲੋਂ ਕੀਤਾ ਗਿਆ।ਉਨ੍ਹਾਂ ਚੈਂਪੀਅਨਸ਼ਿਪ ਦੀ ਸ਼ੁਰੂਆਤ ਮੌਕੇ ਜਿੱਥੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਅਪੀਲ ਕੀਤੀ ਉੱਥੇ ਹੀ ਵਾਕੋ ਇੰਡੀਆ ਵਲੋਂ ਪੰਜਾਬ ਨੂੰ ਇਸ ਵੱਕਾਰੀ ਚੈਂਪੀਅਨਸ਼ਿਪ ਦੀ ਮੇਜਬਾਨੀ ਲਈ ਚੁਣਨ ਨੂੰ ਮਾਣ ਵਾਲੇ ਪਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਕਿਕ ਬਾਕਸਿੰਗ ਦੇ ਉਭਰਦੇ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਵਾਸਤੇ ਤਿਆਰ ਵਿਚ ਵੱਡਾ ਪਲੇਟਫਾਰਮ ਹਨ। ਇਸ ਮੌਕੇ ਐਲ.ਪੀ.ਯੂ. ਦੇ ਡੀਨ ਡਾ. ਸੌਰਵ ਲਖਨਪਾਲ, ਸ੍ਰੀ ਏ.ਆਰ.ਸ਼ਰਮਾ , ਵਾਕੋ ਇੰਡੀਆ ਦੇ ਪ੍ਰਧਾਨ ਸ੍ਰੀ ਸੰਤੋਸ਼ ਅਗਰਵਾਲ, ਪੰਜਾਬ ਕਿਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਜਿੰਦਲ, ਕਾਰਜਕਾਰੀ ਪ੍ਰਧਾਨ ਕਰਤਾਰ ਸਿੰਘ , ਉਪ ਪ੍ਰਧਾਨ ਗੁਰਦੀਪ ਸਿੰਘ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਵਲੋਂ ਜਿੱਥੇ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ ਉੱਥੇ ਹੀ ਸ੍ਰੀ ਜੋਗੀ ਵਲੋਂ ਖਿਡਾਰੀਆਂ ਦੀ ਤਰਫੋਂ ਪੂਰੀ ਖੇਡ ਭਾਵਨਾ ਨਾਲ ਖੇਡਣ ਦਾ ਪ੍ਰਣ ਲਿਆ ਗਿਆ।ਇਸੇ ਤਰ੍ਹਾਂ ਤਾਮਿਲਨਾਡੂ ਦੇ ਪ੍ਰਤੀਨਿਧੀ ਸੁਰੇਸ਼ ਬਾਬੂ ਵਲੋਂ ਕੋਚਾਂ ਅਤੇ ਹਰਿਆਣਾ ਤੋਂ ਮਿਸ ਸੀਮਾ ਨੇ ਰੈਫਰੀਆਂ ਦੀ ਤਰਫੋਂ ਖੇਡ ਭਾਵਨਾ ਨਾਲ ਚੈਂਪੀਅਨਸ਼ਿਪ ਵਿਚ ਖੇਡਣ ਤੇ ਡਿਊਟੀ ਨਿਭਾਉਣ ਦੀ ਸਹੁੰ ਚੁੱਕੀ। ਇਸ ਮੌਕੇ ਕੌਮੀ ਕਿਕ ਬਾਕਸਿੰਗ ਦਿਨ ਵੀ ਮਨਾਇਆ ਗਿਆ ਕਿਉਂਕਿ ਸਾਲ 2021 ਵਿਚ ਭਾਰਤ ਸਰਕਾਰ ਵਲੋਂ 2 ਜੁਲਾਈ ਨੂੰ ਕਿਕ ਬਾਕਸਿੰਗ ਦਿਵਸ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਇਸ ਕੌਮੀ ਚੈਂਪੀਅਨਸ਼ਿਪ ਵਿਚ ਵੱਖ-ਵੱਖ ਰਾਜਾਂ ਦੇ 1200 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜਿਨਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਦੀ ਕੌਮਾਂਤਰੀ ਮੁਕਾਬਲਿਆਂ ਲਈ ਚੋਣ ਕੀਤੀ ਜਾਵੇਗੀ। ਇਸ ਮੌਕੇ ਐਲ.ਪੀ. ਯੂ ਦੇ ਡੀਨ ਡਾ. ਸੌਰਵ ਲਖਨਪਾਲ ਨੇ ਚੈਂਪੀਅਨਸ਼ਿਪ ਵਿਚ ਸ਼ਿਰਕਤ ਕਰਨ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।