ਡ੍ਰੋਨ ਸਬੰਧੀ ਸੂਚਨਾ ਦੇਣ ’ਤੇ ਮਿਲੇਗਾ 1 ਲੱਖ ਦਾ ਇਨਾਮ, ਸਰਹੱਦੀ ਪਿੰਡਾਂ ’ਚ ਲਗਾਏ ਪੋਸਟਰ
ਕਲਾਨੌਰ, 6 ਅਕਤੂਬਰ : ਭਾਰਤ-ਪਾਕਿਸਤਾਨ ਸਰਹੱਦ ’ਤੇ ਡ੍ਰੋਨਾਂ ਰਾਹੀਂ ਸਮੱਗਲਿੰਗ ਰੋਕਣ ਲਈ ਬੀਐਸਐਫ ਨੇ ਇਕ ਲੱਖ ਰੁਪਏ ਦਾ ਇਨਾਮ ਦੇਣ ਲਈ ਸਰਹੱਦੀ ਪਿੰਡਾਂ ’ਚ ਪੋਸਟਰ ਲਗਾਏ ਗਏ ਹਨ।
ਬੀਐਸਐਫ ਦੀ 89 ਬਟਾਲੀਅਨ ਸ਼ਿਕਾਰ ਮਾਛੀਆਂ ’ਤੇ ਜਵਾਨਾਂ ਨੇ ਬੁੱਧਵਾਰ ਨੂੰ ਬੀਓਪੀ ਮੇਤਲਾ, ਅਗਵਾਨ, ਬੋਹੜ ਪਠਾਣਾਂ, ਮੀਰਕਚਾਣਾ, ਮੋਮਨਪੁਰ, ਰੋਸਾ, ਪਕੀਵਾਂ, ਧੀਦੋਵਾਲ, ਬਰੀਲਾ, ਰੁਡਿਆਣਾ, ਦੋਸਤਪੁਰ, ਬੋਹੜ ਵਡਾਲਾ, ਚੌੜਾ ਖੁਰਦ ਆਦਿ ਲਗਭਗ ਦੋ ਦਰਜਨ ਪਿੰਡਾਂ ’ਚ ਪੋਸਟਰ ਲਗਾਏ ਹਨ ਕਿ ਡ੍ਰੋਨ ਸਬੰਧੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਣਾ ਹੈ।
ਬੀਐੱਸਐੱਫ ਅਧਿਕਾਰੀਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਤੋਂ ਆਉਣ ਵਾਲਾ ਚਿੱਟਾ ਅਤੇ ਡ੍ਰੋਨ ਸਬੰਧੀ ਜਾਣਕਾਰੀ ਹੋਣ ’ਤੇ 9417809047, 9417901144, 9417809014, 9417809018, 9417901150, 01812233348, 9417901153 ਨੰਬਰਾਂ ’ਤੇ ਜਾਣਕਾਰੀ ਦਿੱਤੀ ਜਾਵੇ।
ਇਸ ਤੋਂ ਇਲਾਵਾ ਬੀਐਸਐਫ ਨੇ ਪਿੰਡ ਪੱਧਰ ’ਤੇ ਵੀ ਅਨਾਉਂਸਮੈਂਟ ਕਰਵਾਈ ਹੈ। ਸਰਹੱਦੀ ਇਲਾਕੇ ’ਚ ਡ੍ਰੋਨ ਬਾਰੇ ਸੂਚਨਾ ਦੇਣ ਸਬੰਧੀ ਲਗਾਏ ਗਏ ਪੋਸਟਰਾਂ ਬਾਰੇ ਜਦੋਂ ਡੀਆਈਜੀ ਪ੍ਰਭਾਕਰ ਜੋਸ਼ੀ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।