ਲੋਹੇ ਦੀ ਰਾਡ ਨਾਲ ਕੀਤਾ ਹਮਲਾ, ਨੌਜਵਾਨ ਨੂੰ ਜਖਮੀ ਕਰਕੇ ਲੁੱਟੀ ਨਕਦੀ, ਪੜੋ ਪੂਰੀ ਖ਼ਬਰ
ਗੜ੍ਹਸੰਕਰ, 4 ਅਕਤੂਰ : ਗੜ੍ਹਸੰਕਰ ਇਲਾਕੇ ’ਚ ਪਿਛਲੇ ਕੁਝ ਦਿਨਾਂ ਤੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋਣ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸਕਲ ਹੋ ਗਿਆ ਹੈ।
ਅੱਜ ਸਵੇਰੇ ਲਗਭਗ ਸਵਾ 4 ਵਜੇ ਬੰਗਾ ਗੜ੍ਹਸੰਕਰ ਰੋਡ ’ਤੇ ਪੈਂਦੇ ਪਿੰਡ ਚੋਹੜਾ ਲਾਗੇ ਚਾਰ ਵਿਅਕਤੀਆਂ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਦਾ ਪਰਸ ਖੋਹ ਲਿਆ।
ਸਰਕਾਰੀ ਹਸਪਤਾਲ ਗੜ੍ਹਸੰਕਰ ’ਚ ਜੇਰੇ ਇਲਾਜ ਮਨਪ੍ਰੀਤ ਸਿੰਘ ਵਾਸੀ ਕੁੱਕੜਮਜਾਰਾ ਨੇ ਦੱਸਿਆ ਕਿ ਉਹ ਬੈਂਕ ਕਰਮਚਾਰੀ ਹੈ। ਉਹ ਕਿਸੇ ਧਾਰਮਿਕ ਸਥਾਨ ਤੋਂ ਰਾਤ ਦੀ ਸੇਵਾ ਕਰਕੇ ਸਵੇਰੇ ਵਾਪਸ ਘਰ ਜਾ ਰਿਹਾ ਸੀ। ਜਦ ਉਹ ਸਵੇਰੇ ਲਗਭਗ 4.15 ਵਜੇ ਪਿੰਡ ਚੌਹੜਾ ਲਾਗੇ ਪੈਟਰੋਲ ਪੰਪ ਕੋਲੋਂ ਲੰਘਿਆ ਤਾਂ ਇਕ ਬਾਈਕ ਅਤੇ ਇੱਕ ਸਕੂਟੀ ’ਤੇ ਸਵਾਰ 4 ਵਿਅਕਤੀਆਂ ਨੇ ਉਸਨੂੰ ਪਿੱਛੋਂ ਆ ਕੇ ਘੇਰ ਲਿਆ ਅਤੇ ਰੁਕਣ ਲਈ ਕਿਹਾ।
ਉਸ ਨੇ ਦੱਸਿਆ ਕਿ ਜਦ ਉਸ ਨੇ ਮੋਟਰਸਾਇਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ, ਉਸ ਦੇ ਸਿਰ ’ਚ ਸੱਟ ਵੱਜਣ ਕਾਰਨ ਉਹ ਉੱਥੇ ਹੀ ਡਿੱਗ ਕੇ ਬੇਹੋਸ ਹੋ ਗਿਆ। ਜਦ ਉਸ ਨੂੰ ਕੁਝ ਸਮੇਂ ਬਾਅਦ ਹੋਸ ਆਈ ਤਾਂ ਲੁਟੇਰੇ ਉਸ ਦਾ ਪਰਸ ਲੈ ਗਏ ਸਨ।
ਉਸ ਨੇ ਦੱਸਿਆ ਕਿ ਪਰਸ ’ਚ ਲਗਭਗ 8000 ਰੁਪਏ ਦੀ ਨਕਦੀ, ਆਰਸੀ, ਏਟੀਐਮ ਕਾਰਡ, ਕਰੈਡਿਟ ਕਾਰਡ ਆਦਿ ਸਨ। ਉਸ ਨੇ ਦੱਸਿਆ ਕਿ ਹੋਸ ਆਉਣ ’ਤੇ ਉਸ ਨੇ ਆਪਣੇ ਦੋਸਤਾਂ ਨੂੰ ਫੋਨ ਕੀਤਾ ਜਿਨ੍ਹਾਂ ਨੇ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ।