ਪਾਰਕਿੰਗ ਪਰਚੀ ਨੂੰ ਲੈ ਕੇ ਸਾਬਕਾ ਫੌਜੀ ਠੇਕੇਦਾਰ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ’ਤੇ ਕੀਤੀ ਫਾਇਰਿੰਗ
ਬਟਾਲਾ, 4 ਅਕਤੂਬਰ : ਮੰਗਲਵਾਰ ਸਵੇਰੇ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਹੇ ਇਕ ਇੰਟਰਨੈਸ਼ਨਲ ਕਬੱਡੀ ਖਿਡਾਰੀ ’ਤੇ ਪਾਰਕਿੰਗ ਪਰਚੀ ਨੂੰ ਲੈ ਕੇ ਪਾਰਕਿੰਗ ਠੇਕੇਦਾਰ ਸਾਬਕਾ ਫ਼ੌਜੀ ਵੱਲੋਂ ਗੋਲੀ ਚਲਾਉਣ ਦਾ ਸਮਾਚਾਰ ਹੈ।
ਇਸ ਸਬੰਧੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਵਾਸੀ ਹਸਨਪੁਰ ਕਲਾਂ ਨੇ ਦੱਸਿਆ ਕਿ ਉਸ ਦੇ ਘਰ ਉਸਦੇ ਪੁੱਤਰ ਦੇ ਜਨਮ ਦੀ ਖੁਸ਼ੀ ’ਚ ਪ੍ਰੋਗਰਾਮ ਰੱਖਿਆ ਹੋਇਆ ਹੈ, ਜਿਸ ਨੂੰ ਲੈ ਕੇ ਉਹ ਬਟਾਲਾ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਦਾਣਾ ਮੰਡੀ ਬਟਾਲਾ ਦੇ ਗੇਟ ’ਤੇ ਪਾਰਕਿੰਗ ਦੇ ਠੇਕੇਦਾਰ ਸਾਬਕਾ ਫੌਜੀ ਨੇ ਪਰਚੀ ਕਟਾਉਣ ਵਾਸਤੇ ਕਿਹਾ ਅਤੇ ਜਦ ਉਸ ਨੇ ਕਿਹਾ ਉਹ ਘਰੇਲੂ ਵਰਤੋਂ ਵਾਸਤੇ ਸਬਜ਼ੀ ਲੈ ਕੇ ਜਾ ਰਿਹਾ ਹਾਂ ਤਾਂ ਪਾਰਕਿੰਗ ਠੇਕੇਦਾਰ ਨੇ ਉਸ ਨੂੰ ਗਾਲ੍ਹਾਂ ਕੱਢ ਦਿੱਤੀਆਂ ਅਤੇ ਨਾਲ ਹੀ ਗੁੱਸੇ ’ਚ ਉਸ ਨੇ ਉਸ ਦੇ ਪੈਰਾਂ ’ਚ ਗੋਲੀ ਚਲਾ ਦਿੱਤੀ, ਪਰ ਉਸ ਦਾ ਬਚਾਅ ਹੋ ਗਿਆ ਹੈ।
ਗੋਲੀ ਚਲਾਉਣ ਵਾਲਾ ਸਾਬਕਾ ਫੌਜੀ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਸਿਵਲ ਲਾਈਨ ਨੂੰ ਸੂਚਿਤ ਕੀਤਾ, ਜਿਸ ’ਤੇ ਪੁਲਿਸ ਨੇ ਆ ਕੇ ਜਾਂਚ ਪੜਤਾਲ ਕੀਤੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।