- ਕਨਵੈਂਸ਼ਨ ਦੌਰਾਨ ਕੀਤਾ ਜਾਵੇਗਾ ਤਿੱਖੇ ਸੰਘਰਸ਼ਾਂ ਦਾ ਐਲਾਨ*
- ਪੰਜਾਬ ਅੰਦਰ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਦਾ ਕੀਤਾ ਪੂਰਨ ਸਮਰਥਨ।
ਜਲੰਧਰ:13 ਮਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਫਰੰਟ ਦੇ ਕਨਵੀਨਰ ਸਾਥੀ ਧਨਵੰਤ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਵਿਖੇ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ, ਰਣਜੀਤ ਸਿੰਘ ਰਾਣਵਾਂ,ਭਜਨ ਸਿੰਘ ਗਿੱਲ, ਗਗਨਦੀਪ ਸਿੰਘ ਭੁੱਲਰ, ਕੁਲਵਰਨ ਸਿੰਘ, ਬਾਜ ਸਿੰਘ ਖਹਿਰਾ, ਕੁਲਵਿੰਦਰ ਸਿੰਘ ਢਿੱਲੋਂ, ਜਗਦੀਸ਼ ਸਿੰਘ ਚਾਹਲ , ਮਨਜੀਤ ਸਿੰਘ ਬਾਸਰਕੇ, ਹਰਪ੍ਰੀਤ ਸਿੰਘ, ਦੁਬਾਰਕਾ ਪ੍ਰਸਾਦ, ਕੇਵਲ ਸਿੰਘ ਬਨਵੈਤ ਅਤੇ ਬੋਬਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਵਤੀਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਗੂਆਂ ਨੇ ਆਖਿਆ ਕਿ ਇਸ ਸਰਕਾਰ ਵੱਲੋਂ 01.01.2004 ਤੋਂ ਪਹਿਲਾਂ ਵਾਲਾ ਤਨਖਾਹ ਢਾਂਚਾ ਖ਼ਤਮ ਕਰਕੇ ਰੱਖ ਦਿੱਤਾ ਗਿਆ ਹੈ। ਜਿਸ ਤਨਖਾਹ ਢਾਂਚੇ ਦੇ ਤਹਿਤ ਗਰੇਡ ਪੇਅ ਦੀ ਥਾਂ ਤਨਖਾਹ ਸਕੇਲ ਮਿਲਦੇ ਸਨ, ਪੁਰਾਣੀ ਪੈਨਸ਼ਨ ਸਕੀਮ ਮਿਲਦੀ ਸੀ, ਵੱਖ-ਵੱਖ ਤਰ੍ਹਾਂ ਦੇ ਭੱਤੇ ਮਿਲਦੇ ਸਨ, ਏ ਸੀ ਪੀ ਸਕੀਮ ਦਾ ਲਾਭ ਮਿਲਦਾ ਸੀ, ਪ੍ਰਵੇਸ਼ਨਲ ਪੀਰੀਅਡ ਦੌਰਾਨ ਪੂਰੀ ਤਨਖਾਹ ਭੱਤਿਆਂ ਸਮੇਤ ਮਿਲਦੀ ਸੀ, ਹਰ ਮੁਲਾਜ਼ਮ ਨੂੰ ਪੰਜਾਬ ਦੇ ਆਪਣੇ ਤਨਖਾਹ ਸਕੇਲ ਮਿਲਦੇ ਸਨ, ਜੋ ਮਹਿਗਾਈ ਭੱਤਾ ਪਹਿਲਾ ਮਿਲਦਾ ਸੀ, ਹੁਣ ਉਸ ਮਹਿੰਗਾਈ ਭੱਤੇ ਨੂੰ ਵੀ ਕੇਂਦਰ ਨਾਲੋਂ ਡੀਲਿੰਕ ਕਰਕੇ ਰੱਖ ਦਿੱਤਾ ਗਿਆ ਹੈ ਅਤੇ ਜੇਕਰ ਕੋਰਟ ਨੇ ਕੋਈ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤਾ ਹੈ ਤਾਂ ਪੰਜਾਬ ਸਰਕਾਰ ਉਸ ਨੂੰ ਅਗਲੀ ਅਦਾਲਤ ਵਿੱਚ ਚੁਣੌਤੀ ਦੇ ਰਹੀ ਹੈ। ਇਸ ਲਈ ਪੁਰਾਣੇ ਤਨਖਾਹ ਢਾਂਚੇ ਵਿੱਚ ਜੋ ਕੁਝ ਮਿਲਦਾ ਸੀ ਉਹ ਸਾਰਾ ਕੁਝ ਅੱਜ ਖੋਇਆ ਜਾ ਚੁੱਕਾ ਹੈ। ਇਥੋਂ ਤੱਕ ਕਿ ਤਨਖਾਹ ਕਮਿਸ਼ਨ ਦੀ ਸਿਫਾਰਸ਼ ਦੇ ਬਾਵਜੂਦ ਪੈਨਸ਼ਨਰਾਂ ਦੀ ਪੈਨਸ਼ਨ ਸੋਧ 2.59 ਗੁਣਾਂਕ ਨਾਲ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਉਹਨਾਂ ਦੀ ਨੋਸ਼ਨਲ ਫਿਕਸੇਸ਼ਨ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਹੁਣ ਪੈਨਸ਼ਨ ਸੇਵਾ ਪੋਰਟਲ ਬਣਨ ਕਰਕੇ ਪੈਨਸ਼ਨਾਂ ਦੀ ਹੋਰ ਖੱਜਲ ਖੁਆਰੀ ਹੋ ਰਹੀ ਹੈ।ਤਨਖਾਹ ਸਕੇਲਾਂ ਦੇ ਬਕਾਏ ਵੀ ਰੋਲ ਕੇ ਰੱਖ ਦਿੱਤੇ ਗਏ ਹਨ। ਮਾਣ ਭੱਤਾ ਇੰਸੈਂਟਿਵ ਮੁਲਾਜ਼ਮਾਂ ਦਾ ਰੁਜ਼ਗਾਰ ਦੇ ਨਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਨਾਂ ਨੂੰ ਘੱਟੋ ਘੱਟ ਤਨਖਾਹ ਦੇਣੀ ਤਾਂ ਦੂਰ ਦੀ ਗੱਲ ਉਹਨਾਂ ਤੇ ਘੱਟੋ ਘੱਟ ਉਜਰਤਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਜੋ ਨੀਤੀ ਬਣਾਈ ਗਈ ਹੈ ਉਹ ਅੱਜ ਤੱਕ ਦੀਆਂ ਸਾਰੀਆਂ ਨੀਤੀਆਂ ਨਾਲੋਂ ਮਾੜੀ ਸਾਬਤ ਹੋਈ ਹੈ । ਇਸ ਲਈ ਇਹਨਾਂ ਸਾਰੀਆਂ ਮੰਗਾਂ ਨੂੰ ਬਹਾਲ ਕਰਾ ਕੇ ਲਾਗੂ ਕਰਾਉਣ ਲਈ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪਧਰੀ ਵਿਸ਼ਾਲ ਕਨਵੈਂਸ਼ਨ ਕਰਕੇ ਸਰਕਾਰ ਦੇ ਪੈਰਾਂ ਥੱਲੇ ਅੱਗ ਬਾਲਣ ਲਈ ਤਿੱਖੇ ਸੰਘਰਸ਼ਾਂ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਸਾਂਝਾ ਫਰੰਟ ਵੱਲੋਂ ਇੱਕ ਮਤੇ ਰਾਹੀਂ ਪੰਜਾਬ ਅੰਦਰ ਨਗਰ ਕੌਂਸਲਾਂ ਦੇ ਸਫਾਈ ਸੇਵਕਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ ਦਾ ਪੂਰਨ ਸਮਰਥਨ ਕੀਤਾ ਗਿਆ ਅਤੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਵੱਖ ਵੱਖ ਜਥੇਬੰਦੀਆਂ ਤੇ ਆਧਾਰਿਤ ਬਣੀ ਐਕਸ਼ਨ ਕਮੇਟੀ ਨਾਲ ਪੰਜਾਬ ਸਰਕਾਰ ਗੱਲਬਾਤ ਕਰਕੇ ਮੰਗਾਂ ਦਾ ਨਿਪਟਾਰਾ ਤੁਰੰਤ ਕਰੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਸਾਥੀ ਸੁਰਿੰਦਰ ਰਾਮ ਕੁੱਸਾ, ਸ਼ਿਵ ਕੁਮਾਰ ਤਿਵਾੜੀ, ਗੁਰਮੇਲ ਸਿੰਘ ਮੈਲਡੇ, ਰਘਵੀਰ ਸਿੰਘ, ਜਗਮੇਲ ਸਿੰਘ ਪੱਖੋਵਾਲ, ਦਲਵੀਰ ਸਿੰਘ ਜੋਹਲ, ਗੁਲਜਾਰ ਖਾਂ, ਪ੍ਰੇਮ ਚਾਵਲਾ, ਹਰਜੀਤ ਸਿੰਘ ,ਸਰਬਜੀਤ ਸਿੰਘ ਦੋਧਰ, ਸ਼ਿੰਗਾਰਾ ਸਿੰਘ ,ਸੰਦੀਪ ਸਿੰਘ, ਕੁਲਦੀਪ ਸਿੰਘ, ਸੁਨੀਲ ਕੰਬੋਜ ਆਦਿ ਆਗੂ ਵੀ ਹਾਜ਼ਰ ਸਨ।
