ਪਿਆਰੇ ਵਿਦਿਆਰਥੀਓ ! ਕਈਆਂ ਦੇ ਇਮਤਿਹਾਨ ਖਤਮ ਹੋ ਚੁੱਕੇ ਹਨ ‘ ਤੇ ਕਈਆਂ ਦੇ ਖ਼ਤਮ ਹੋਣ ਵਾਲੇ ਹਨ । ਤਰ੍ਹਾਂ- ਤਰ੍ਹਾਂ ਦੇ ਕੈਰੀਅਰ ਜਾਂ ਵਿਸ਼ਿਆਂ ਦੀ ਚੋਣ ਕਰਨ ਬਾਰੇ ਵਿੱਦਿਆਰਥੀ ਆਪਣਾ ਮਨ ਬਣਾਉਣ ਬਾਰੇ ਸੋਚ ਰਹੇ ਹਨ ਪਰ ਕਈ ਵਿੱਦਿਆਰਥੀ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਆਪਣੇ ਭਵਿੱਖ ਦਾ ਫ਼ੈਸਲਾ ਲੈਣ ਵਿੱਚ ਆਸ਼ੰਕਾ ਕਰ ਰਹੇ ਹਨ । ਮੈਂ ਆਪਣੇ ਪੱਧਰ ‘ਤੇ ਵੀ ਕਈ ਵਿੱਦਿਆਰਥੀਆਂ ਨੂੰ ਪਹਿਲ ਕਰਨ ‘ਤੇ ਸਲਾਹ ਮਸ਼ਵਰਾ ਦਿੰਦਾ ਰਿਹਾ ਹਾਂ । ਕਈਆਂ ਨੂੰ ਆਪਣੇ ਕੋਲੋਂ ਉਨ੍ਹਾਂ ਦੀ ਲੋੜ ਅਨੁਸਾਰ ਕਿਤਾਬਾਂ ਜਾਂ ਆਰਥਿਕ ਮਦਦ ਵੀ ਕਰਦਾ ਰਿਹਾ ਹਾਂ । ਇੰਝ ਕਰਨ ਨਾਲ਼ ਮੈਨੂੰ ਬਹੁਤ ਹੀ ਸਕੂਨ ਮਿਲਦਾ ਹੈ ।
ਹੁਣ ਸਹੀ ਕੈਰੀਅਰ ਚੁਣਨ ਦਾ ਵਕਤ ਆ ਗਿਆ ਹੈ । ਇੱਕ ਵਾਰੀ ਦਾ ਚੁਣਿਆ ਕੈਰੀਅਰ ਜਾਂ ਤਾਂ ਤਾਰ ਦਿੰਦਾ ਹੈ ਜਾਂ ਮਾਰ ਦਿੰਦਾ । ਕਿਉਂ ਨਾ ਆਪਣੇ ਕੈਰੀਅਰ ਦੀ ਚੋਣ ਇਸ ਢੰਗ ਨਾਲ਼ ਕਰੀਏ ਕਿ ਸਾਨੂੰ ਬਾਅਦ ‘ਚ ਪਛਤਾਉਣਾ ਨਾ ਪਵੇ। ਤਾਂ ਹੀ ਮਹਾਤਮਾ ਗਾਂਧੀ ਜੀ ਨੇ ਕਿਹਾ ਹੈ ਕਿ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਹਜ਼ਾਰ ਵਾਰੀ ਸੋਚ ਲਵੋ । ਪਰੰਤੂ ਜਦੋਂ ਇੱਕ ਵਾਰੀ ਫ਼ੈਸਲਾ ਕਰ ਲਿਆ ਤਾਂ ਫਿਰ ਪਿੱਛਾ ਭੌਂ ਕੇ ਨਹੀਂ ਝਾਕਣਾ । ਇਹੀ ਗੱਲਾਂ ਸਾਡੇ ਕੈਰੀਅਰ ਦੀ ਚੋਣ ਵਾਸਤੇ ਲਾਗੂ ਹੁੰਦੀਆਂ ਹਨ ।
ਸੋ , ਪਿਆਰੇ ਵਿਦਿਆਰਥੀਓ , ਇੰਝ ਕਰੋ ! ਇੱਕ ਸਫੈਦ ਕਾਗਜ਼ ਲਵੋ। ਉਸ ਦੇ ਮੱਧ ਵਿੱਚ ਇੱਕ ਲਕੀਰ ਲਗਾ ਲਵੋ । ਉਸ ਦੇ ਬਿਲਕੁਲ ਉੱਪਰ ਮੱਧ ਵਿੱਚ ਆਪਣੇ ਪਸੰਦ ਦੇ ਕਰੀਅਰ ਦਾ ਨਾਂਅ ਲਿਖੋ । ਲਕੀਰ ਦੇ ਖੱਬੇ ਪਾਸੇ 1, 2, 3 ਤੋਂ ਅੱਗੇ ਤੱਕ ਦੀ ਗਿਣਤੀ ਲਿਖ ਲਵੋ । ਇਵੇਂ ਹੀ ਲਕੀਰ ਦੇ ਸੱਜੇ ਪਾਸੇ ਵੀ ਲਿਖੋ।
ਹੁਣ ਖੱਬੇ ਪਾਸੇ ਹਰ ਨੰਬਰ ਦੇ ਸਾਹਮਣੇ ਉਹ ਪੁਆਇੰਟ ਲਿਖੋ ਜਿਹੜੇ ਤੁਹਾਡੀ ਚੁਣੇ ਕੈਰੀਅਰ ਦੇ ਹੱਕ ਵਿੱਚ ਹਨ । ਕਹਿਣ ਦਾ ਮਤਲਬ ਹੈ ਉਹ ਪੁਆਇੰਟ ਜਿਹੜੀ ਉਸ ਕੈਰੀਅਰ ਨੂੰ ਤੁਹਾਡੇ ਵਾਸਤੇ ਸੁਖਾਵਾਂ ਬਣਾਉਂਦੇ ਹਨ । ਇਵੇਂ ਹੀ ਸੱਜੇ ਪਾਸੇ ਉਹ ਪੁਆਇੰਟ ਲਿਖੋ ਜਿਹੜੇ ਕਿ ਉਸ ਕੈਰੀਅਰ ਦੀਆਂ ਕਮਜ਼ੋਰੀਆਂ ਦਰਸਾਉਂਦੇ ਹਨ । ਇਸ ਤਰ੍ਹਾਂ ਕਰਨ ਨਾਲ਼ ਤੁਹਾਡੇ ਵੱਲੋਂ ਚੁਣਿਆ ਕੈਰੀਅਰ ਪੂਰੀ ਤਰ੍ਹਾਂ ਤੁਹਾਡੇ ਸਾਹਮਣੇ ਆਪਣੀ ਭਲੀ -ਬੁਰੀ ਤਸਵੀਰ ਪੇਸ਼ ਕਰ ਦੇਵੇਗਾ । ਹੁਣ ਤੁਸੀਂ ਬੜੀ ਹੀ ਆਸਾਨੀ ਨਾਲ਼ ਦੇਖ ਸਕਦੇ ਹੋ ਕਿੰਨਾ ਪ੍ਰਸਥਿਤੀਆਂ ਵਿੱਚ ਉਹ ਕੈਰੀਅਰ ਤੁਹਾਡੇ ਵਾਸਤੇ ਚੰਗਾ ਹੋ ਸਕਦਾ ਹੈ ‘ ਤੇ ਕਿੰਨਾ ਸਥਿਤੀਆਂ ਵਿੱਚ ਉਹ ਕੈਰੀਅਰ ਤੁਹਾਡੇ ਵਾਸਤੇ ਨੁਕਸਾਨਦੇਹ ਹੋ ਸਕਦਾ ਹੈ । ਬੱਸ ਫਿਰ ਤੁਸੀਂ ਆਸਾਨੀ ਨਾਲ ਫ਼ੈਸਲਾ ਕਰ ਸਕਦੇ ਹੋ ।
ਪਰ ਇੱਥੇ ਹੀ ਗੱਲ ਖ਼ਤਮ ਨਹੀਂ ਹੁੰਦੀ। ਤੁਸੀਂ ਆਪਣੇ ਦਿਲ ‘ਤੇ ਹੱਥ ਰੱਖ ਕੇ ਸੋਚੋ ਕਿ ਕੀ ਉਹ ਕੈਰੀਅਰ ਤੁਹਾਨੂੰ ਸੁਖੀ ਰੱਖ ਸਕੇਗਾ ? ਉਹ ਲੋਕ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕੈਰੀਅਰ ਦੀ ਚੋਣ ਕਰ ਚੁੱਕੇ ਹਨ , ਕੀ ਉਹ ਸੁਖੀ ਹਨ ?
ਕੁਝ ਵਿੱਦਿਆਰਥੀ ਮੇਰੇ ਕੋਲ ਆ ਕੇ ਦੱਸਦੇ ਹਨ ਕਿ ਉਹਨਾਂ ਨੇ ਫਲਾਣਾ ਧਾਗਾ ਜਾਂ ਤਵੀਜ਼ ਕਰਵਾਇਆ ਹੈ ਤਾਂ ਕਿ ਉਨ੍ਹਾਂ ਦਾ ਕੈਰੀਅਰ ਸਫ਼ਲ ਹੋ ਜਾਵੇ । ਮੇਰੀ ਅਜਿਹੇ ਵਿੱਦਿਆਰਥੀਆਂ ਨੂੰ ਇਹੋ ਹੀ ਸਲਾਹ ਹੈ ਕਿ ਸਖ਼ਤ ਮਿਹਨਤ ਤੋਂ ਸਿਵਾਏ ਕੋਈ ਵੀ ਵੱਡਾ ਧਾਗਾ – ਤਵੀਜ਼ ਨਹੀਂ ਹੈ । ਜੇਕਰ ਤੁਸੀਂ ਸਖ਼ਤ ਮਿਹਨਤ ਨੂੰ ਹੀ ਚਮਤਕਾਰੀ ਯੰਤਰ ਸਮਝ ਕੇ ਚਲ ਪਵੋ ਤਾਂ ਹੋਰ ਤੁਹਾਨੂੰ ਕੁਝ ਨਹੀਂ ਚਾਹੀਦਾ ।
ਪਰਮਾਤਮਾ ਨੇ ਇਨਸਾਨ ਨੂੰ ਬਹੁਤ ਵੱਡਾ ਤੇ ਬਹੁਤ ਹੀ ਕੰਮ ਦਾ ਦਿਮਾਗ ਦਿੱਤਾ ਹੈ ।ਇਸੇ ਦਿਮਾਗ਼ ਦੇ ਸਿਰ ‘ਤੇ ਸਾਡੇ ਅੰਗ ਤੇ ਪ੍ਰਾਣ ਸਹੀ ਦਿਸ਼ਾ ਵੱਲ ਚੱਲਦੇ ਹਨ । ਸੌ ਪਿਆਰੇ ਵਿਦਿਆਰਥੀਓ ! ਮੇਰੀ ਆਪ ਜੀ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣੇ ਸਹੀ ਕਿੱਤੇ ਦੀ ਚੋਣ ਧਿਆਨ ਨਾਲ ਸੋਚ ਸਮਝ ਕੇ ਕਰਨ ਤਾਂ ਜੋ ਤੁਹਾਡੇ ਸੁੰਦਰ ਭਵਿੱਖ ਦੀ ਮਜ਼ਬੂਤ ਨੀਂਹ ਰੱਖੀ ਜਾ ਸਕੇ ।
ਪੇਸ਼ਕਸ਼: ਅਸ਼ੋਕ ਧੀਰ ਪੱਤਰਕਾਰ ਜੈਤੋ