ਲੁਧਿਆਣਾ, 29 ਮਾਰਚ -ਪਿਛਲੇ ਇੱਕ ਹਫਤੇ ਤੋਂ ਲੁਧਿਆਣਾ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਧਿਆਣਾ ਵਿੱਚ ਮੰਗਲਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਸੈਂਕੜਾ ਮਾਰਿਆ ਹੈ। ਸਹਿਰ ‘ਚ ਪੈਟਰੋਲ ਦੀ ਕੀਮਤ 100.18 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ। ਜਦਕਿ ਡੀਜਲ ਦੀ ਕੀਮਤ 88.91 ਰੁਪਏ ਪ੍ਰਤੀ ਲੀਟਰ ਹੈ। ਯੂਕਰੇਨ-ਰੂਸ ਜੰਗ ਕਾਰਨ ਕੌਮਾਂਤਰੀ ਬਾਜਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਸਥਿਰਤਾ ਬਣੀ ਹੋਈ ਹੈ। ਅੱਜ ਵੀ ਵਿਸਵ ਮੰਡੀ ਵਿੱਚ ਕੱਚੇ ਤੇਲ ਦੀ ਕੀਮਤ 110.58 ਰੁਪਏ ਪ੍ਰਤੀ ਬੈਰਲ ਦੇ ਆਸ-ਪਾਸ ਹੈ। ਫਿਲਹਾਲ ਇਸ ਦੇ ਹੋਰ ਤੇਜ ਹੋਣ ਦੀ ਉਮੀਦ ਹੈ। ਇਸ ਤੋਂ ਸਾਫ ਹੈ ਕਿ ਇੱਥੇ ਪੈਟਰੋਲ ਅਤੇ ਡੀਜਲ ਦੇ ਰੇਟ ਰੁਕਣ ਵਾਲੇ ਨਹੀਂ ਹਨ। ਪੰਜ ਸੂਬਿਆਂ ਵਿੱਚ ਚੋਣਾਂ ਹੋਣ ਕਾਰਨ ਪਹਿਲਾਂ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਸੀ ਅਤੇ ਲੋਕਾਂ ਨੂੰ ਰਾਹਤ ਮਿਲੀ ਸੀ ਪਰ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਹਫਤਾ ਪਹਿਲਾਂ ਸਹਿਰ ਵਿੱਚ ਪੈਟਰੋਲ ਦਾ ਰੇਟ 95.57 ਰੁਪਏ ਅਤੇ ਡੀਜਲ ਦਾ ਰੇਟ 84.32 ਰੁਪਏ ਪ੍ਰਤੀ ਲੀਟਰ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕੀਮਤਾਂ ਲਗਭਗ ਰੋਜਾਨਾ ਵਧ ਰਹੀਆਂ ਹਨ। ਪੈਟਰੋਲ-ਡੀਜਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਆਦਮੀ ਵੀ ਪਰੇਸਾਨ ਹੈ। ਇਸ ਦਾ ਅਸਰ ਮਹਿੰਗਾਈ ‘ਤੇ ਵੀ ਪੈ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਕਾਰਨ ਕੌਮਾਂਤਰੀ ਬਾਜਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਅੰਕੜਿਆਂ ਦੇ ਅਨੁਸਾਰ, 20 ਦਸੰਬਰ, 2021 ਨੂੰ, ਅੰਤਰਰਾਸਟਰੀ ਬਾਜਾਰ ਵਿੱਚ ਬ੍ਰੈਂਟ ਕਰੂਡ-ਕੱਚੇ ਤੇਲ ਦੀ ਕੀਮਤ ਲਗਭਗ 82 ਡਾਲਰ ਪ੍ਰਤੀ ਬੈਰਲ ਸੀ। ਇਸ ਤੋਂ ਬਾਅਦ ਇਹ 3 ਜਨਵਰੀ 2022 ਨੂੰ 85 ਡਾਲਰ ਵਧ ਕੇ 15 ਫਰਵਰੀ ਨੂੰ 91 ਡਾਲਰ ਹੋ ਗਿਆ। ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਦੌਰਾਨ, ਕੱਚੇ ਤੇਲ ਦੀ ਕੀਮਤ 7 ਮਾਰਚ ਨੂੰ 139 ਡਾਲਰ ਦੇ ਉੱਚ ਪੱਧਰ ‘ਤੇ ਪਹੁੰਚ ਗਈ ਸੀ ਅਤੇ ਫਿਰ 15 ਮਾਰਚ ਤੱਕ ਡਿੱਗ ਕੇ 97 ਡਾਲਰ ‘ਤੇ ਆ ਗਈ ਸੀ। ਪਰ ਹੁਣ ਉਨ੍ਹਾਂ ਵਿੱਚ ਇੱਕ ਵਾਰ ਫਿਰ ਤੇਜੀ ਦਾ ਰੁਝਾਨ ਹੈ।