ਫਿਰੋਜ਼ਪੁਰ, 30 ਦਸੰਬਰ (ਗੁਰਪ੍ਰੀਤ ਸਿੰਘ ਸਿੱਧੂ) ਕਿਸਾਨ ਸੰਯੁਕਤ ਮੋਰਚਾ ਅਤੇ ਕਿਸਾਨ ਸੰਯੁਕਤ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਐਲਾਨੇ ਪੰਜਾਬ ਬੰਦ ਦੇ ਸੱਦੇ ਤਹਿਤ ਕਿਸਾਨੀ ਮੰਗਾਂ ਦੇ ਹੱਕ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਭਰਵੀਂ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਕਾਮਰੇਡ ਸੁਭਾਸ਼ ਸ਼ਰਮਾ, ਸੁਰਿੰਦਰ ਸਿੰਘ, ਮੁਹਿੰਦਰ ਸਿੰਘ ਧਾਲੀਵਾਲ, ਕਿਸ਼ਨ ਚੰਦ ਜਾਗੋਵਾਲੀਆ ਦੀ ਅਗਵਾਈ ਹੇਠ ਕਿਲੇ ਵਾਲਾ ਚੌਕ ਫਿਰੋਜ਼ਪੁਰ ਵਿਖੇ ਕਿਸਾਨ ਜਥੇਬੰਦੀਆ ਦੇ ਨਾਲ ਮਿਲਕੇ ਕੇਂਦਰ ਸਰਕਾਰ ਵਿਰੁੱਧ ਧਰਨੇ ਵਿੱਚ ਸ਼ਾਮਲ ਹੋਏ। ਇਸ ਮੌਕੇ ਕਾਮਰੇਡ ਸੁਭਾਸ਼ ਸ਼ਰਮਾ, ਸੁਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਗ ਲਈਆਂ ਜਾਣ ਅਤੇ 37 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਨਮਾਨ ਸਹਿਤ ਭੁੱਖ ਹੜਤਾਲ ਤੋਂ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਅੜੀਅਲ ਵਤੀਰੇ ਨੂੰ ਤਿਆਗ ਕੇ ਲੋਕ ਪੱਖੀ ਫੈਸਲਾ ਲਵੇ ਨਾ ਕੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਉਪਰ ਥੋਪਣ ਦਾ ਕੰਮ ਕਰੇ। ਇਸ ਮੌਕੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।