Home » ਲੁਧਿਆਣਾ : ਘਰ ਬਾਹਰ ਖੇਡ ਰਹੇ 11 ਸਾਲਾਂ ਮਾਸੂਮ ਨੂੰ ਕੁੱਤਿਆਂ ਨੇ ਨੋਚ ਖਾਧਾ, ਪ੍ਰਸ਼ਾਸਨ ‘ਤੇ ਭੜਕੇ ਪਿੰਡ ਵਾਲੇ

ਲੁਧਿਆਣਾ : ਘਰ ਬਾਹਰ ਖੇਡ ਰਹੇ 11 ਸਾਲਾਂ ਮਾਸੂਮ ਨੂੰ ਕੁੱਤਿਆਂ ਨੇ ਨੋਚ ਖਾਧਾ, ਪ੍ਰਸ਼ਾਸਨ ‘ਤੇ ਭੜਕੇ ਪਿੰਡ ਵਾਲੇ

by Rakha Prabh
6 views

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਸਾਹਮਣੇ ਆਇਆ। ਕੁੱਤਿਆਂ ਦੇ ਝੁੰਡ ਨੇ ਇੱਕ ਹੋਰ ਮਾਸੂਮ ਬੱਚੇ ਨੂੰ ਨੋਚ-ਨੋਚ ਖਾ ਲਿਆ। ਖੇਤਾਂ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ 11 ਸਾਲਾ ਬੱਚੇ ਹਰਸੁਖਪ੍ਰੀਤ ਸਿੰਘ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। 5ਵੀਂ ਜਮਾਤ ਦੇ ਵਿਦਿਆਰਥੀ ਹਰਸੁਖਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇੱਕ ਹਫ਼ਤੇ ਅੰਦਰ ਪਿੰਡ ਵਿੱਚ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਹੀ ਇੱਕ ਪ੍ਰਵਾਸੀ ਪਰਿਵਾਰ ਦੇ ਬੱਚੇ ਦੀ ਵੀ ਕੁੱਤਿਆਂ ਦੇ ਹਮਲੇ ਵਿੱਚ ਮੌਤ ਹੋ ਗਈ ਸੀ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਗੁੱਸੇ ਵਿੱਚ ਆ ਕੇ ਪਿੰਡ ਵਾਸੀਆਂ ਨੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸੜਕ ’ਤੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ’ਤੇ ਜਾਮ ਲਾ ਦਿੱਤਾ।

ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਸਮੱਸਿਆ ਪ੍ਰਤੀ ਗੰਭੀਰ ਨਹੀਂ ਹੈ। ਦੋ ਮਾਸੂਮਾਂ ਦੀ ਮੌਤ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਪਿੰਡ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਇੰਨਾ ਵੱਧ ਗਿਆ ਹੈ ਕਿ ਪਿੰਡ ਦੇ ਬੱਚੇ ਅਤੇ ਔਰਤਾਂ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗ ਪਈਆਂ ਹਨ।

ਪਿੰਡ ਵਾਲਿਆਂ ਨੇ ਦੱਸਿਆ ਕਿ ਕਿਸਾਨ ਰਣਧੀਰ ਸਿੰਘ ਖੇਤਾਂ ਵਿਚ ਬਣੇ ਘਰ ਵਿਚ ਰਹਿੰਦਾ ਹੈ ਬੱਚਾ ਘਰੋਂ ਬਾਹਰ ਨਿਕਲਿਆ ਸੀ ਕਿ ਕੁੱਤੇ ਉਸ ਨੂੰ ਘਸੀਟ ਕੇ ਖੇਤਾਂ ਵਿਚ ਲੈ ਗਏ। ਜਦੋਂ ਬੱਚੇ ਦਾ ਪਿਓ ਉਸ ਨੂੰ ਲੱਭਦੇ ਹੋਏ ਉਥੇ ਪਹੁੰਚਿਆ ਤਾਂ ਵੇਖਿਆ ਕਿ ਕੁੱਤੇ ਬੱਚੇ ਨੂੰ ਨੋਚ ਰਹੇ ਹਨ। ਕਿਸੇ ਤਰ੍ਹਾਂ ਉਸ ਨੇ ਬੱਚੇ ਨੂੰ ਛੁਡਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੱਚੇ ਨੇ ਆਪਣੇ ਪਿਤਾ ਦੀ ਗੋਦੀ ਵਿਚ ਦਮ ਤੋੜ ਦਿੱਤਾ।ਇਹ ਘਰ ਦਾ ਇਕਲੌਤਾ ਬੱਚਾ ਸੀ। ਬੱਚੇ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਸਦਮੇ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਮਾਰਨ ਮਗਰੋਂ ਕੁੱਤਿਆਂ ਨੇ ਇੱਕ ਹੋਰ ਪ੍ਰਵਾਸੀ ਪਰਿਵਾਰ ਦੇ ਬੱਚੇ ‘ਤੇ ਵੀ ਹਮਲਾ ਕਰ ਦਿੱਤਾ ਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਗੁੱਸੇ ਵਿਚ ਆਏ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪੰਜ ਦਿਨ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਦੇ 11 ਸਾਲਾਂ ਬੱਚੇ ਅਰਜੁਨ ਨੂੰ ਵੀ ਇਨ੍ਹਾਂ ਖੂੰਖਾਰ ਕੁੱਤਿਆਂ ਨੇ ਮਾਰ ਦਿੱਤਾ ਸੀ। ਉਹ ਬੱਚਾ ਚੌਥੀ ਕਲਾਸ ਵਿਚ ਪੜ੍ਹਦਾ ਸੀ। ਪਿਛਲੇ ਤਿੰਨ ਮਹੀਨਿਆਂ ਵਿਚ ਕੁੱਤਿਆਂ ਦੇ ਹਮਲੇ ਦੀ ਇਹ 14ਵੀਂ ਘਟਨਾ ਹੈ। ਜੇਕਰ ਪ੍ਰਸ਼ਾਸਨ ਨੇ ਪਿਛਲੀ ਘਟਨਾ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਸ ਘਰ ਦਾ ਚਿਰਾਗ ਨਾ ਬੁਝਦਾ।

Related Articles

Leave a Comment