ਅੰਮ੍ਰਿਤਸਰ 10 ਜੁਲਾਈ ( ਰਣਜੀਤ ਸਿੰਘ ਮਸੌਣ) ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਮਿਤ ਤਲਵਾੜ ਵੱਲੋਂ ਜਿਲ੍ਹੇ ਵਿੱਚ ਮੈਰਿਟ ਤੇ ਆਏ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ ਸੀ, ਇਸ ਦੌਰਾਨ ਇਨ੍ਹਾਂ ਬੱਚਿਆਂ ਵਿੱਚੋਂ ਜਤਿਨ ਕੁਮਾਰ ਪੁੱਤਰ ਸ਼੍ਰੀ ਨਰਿੰਦਰ ਕੁਮਾਰ, ਸਰਕਾਰੀ ਸਾਰਾਗੜ੍ਹੀ ਸੀ.ਸੈ ਸਕੂਲ, ਟਾਊਨ ਹਾਲ, ਜਿਸ ਨੇ 10+2 (ਨਾਨ ਮੈਡੀਕਲ) ਦੀ ਪ੍ਰੀਖਿਆ 98.4% ਅੰਕਾਂ ਨਾਲ ਪਾਸ ਕੀਤੀ, ਉਸ ਨੇ ਬੀ.ਟੈਕ ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ, ਪਰ ਇਸ ਪ੍ਰਾਰਥੀ ਨੂੰ ਬੀ.ਟੈਕ ਲਈ ਲਏ ਜਾਂਦੇ ਆਲ ਇੰਡਿਆ ਇੰਜਨੀਅਰਿੰਗ ਟੈਸਟ ਬਾਰੇ ਗਿਆਨ ਨਾ ਹੋਣ ਕਾਰਨ ਇਹ ਟੈਸਟ ਨਹੀਂ ਭਰਿਆਂ ਗਿਆ।
ਇਸ ਮੁੱਦੇ ਨੂੰ ਹੱਲ ਕਰਨ ਅਤੇ ਜਤਿਨ ਦੇ ਇਸ ਸਪਨੇ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਵਿਕਰਮਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ੁਸ਼ੀਲ ਤੁਲੀ ਅਤੇ ਜ਼ਿਲ੍ਹਾਂ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਗਿੱਲ ਦੀ ਡਿਊਟੀ ਲਗਾਈ ਗਈ। ਇਨ੍ਹਾਂ ਅਫ਼ਸਰ ਸਾਹਿਬਾਨਾਂ ਦੇ ਯਤਨਾਂ ਅਤੇ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਦਰਿਆਦਿਲੀ ਸਦਕਾ ਪ੍ਰਾਰਥੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ.ਟੈਕ ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਵਿਖੇ ਦਾਖਲਾ ਮਿਲ ਗਿਆ ਹੈ। ਪ੍ਰਾਰਥੀ ਜਤਿਨ ਕੁਮਾਰ ਪੁੱਤਰ ਸ਼੍ਰੀ ਨਰਿੰਦਰ ਕੁਮਾਰ ਵੱਲੋਂ ਡਿਪਟੀ ਕਮਿਸ਼ਨਰ ਦਾ ਆਪਣਾ ਸੁਪਨਾ ਪੂਰਾ ਹੋਣ ਤੇ ਧੰਨਵਾਦ ਕੀਤਾ ਗਿਆ। ਬਿਊਰੋ ਦੇ ਮੁੱਖੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੁੱਦੇ ਨੂੰ ਪੱਕੇ ਤੌਰ ਤੇ ਹੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਹੇਠ ਅਸੀਂ ਇਸ ਸਾਲ ਗਿਆਰਵੀਂ ਜਮਾਤ ਦੇ ਹਰ ਬੱਚੇ ਨੂੰ ਬਾਰਵੀਂ ਤੋਂ ਬਾਅਦ ਹਰ ਵਿਸ਼ੇ ਵਿੱਚ ਦਾਖਲਾ ਲੈਣ ਦੀ ਮੁਕੰਮਲ ਜਾਣਕਾਰੀ ਅਗਸਤ ਮਹੀਨੇ ਵਿੱਚ ਉਨ੍ਹਾਂ ਦੇ ਸਕੂਲਾਂ ਵਿੱਚ ਜਾ ਕੇ ਦਿਆਂਗੇ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦਾ ਧੰਨਵਾਦ ਕਰਨ ਲਈ ਪੁੱਜਾ ਜਤਿਨ ਜਿਲਾ ਸਿੱਖਿਆ ਅਧਿਕਾਰੀ ਅਤੇ ਹੋਰ ਅਧਿਕਾਰੀਆਂ ਨਾਲ।