ਆਂਗਣਵਾੜੀ ਮੁਲਾਜ਼ਮ ਜਲੰਧਰ/ ਨੂਰਮਹਿਲ ( ਰਾਖਾ ਪ੍ਰਭ ਬਿਉਰੋ )ਯੂਨੀਅਨ ਪੰਜਾਬ ਸੀਟੂ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਕ੍ਰਿਸ਼ਨਾ ਕੁਮਾਰੀ ਨਿਰਲੇਪ ਕੌਰ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਬਹੁਤ ਹੀ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਬਿਲਕੁਲ ਸੰਜੀਦਗੀ ਨਹੀਂ ਦਿਖਾਈ ਜਾ ਰਹੀ। ਉਹਨਾਂ ਨੇ ਕਿਹਾ ਕਿ ਸਾਲ 2023 ਵਿੱਚ 4 ਮਈ ਜਿਮਨੀ ਚੋਣਾਂ ਮੌਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿਖੇ ਹੀ ਮੰਗਾਂ ਦੇ ਹੱਲ ਲਈ ਤੁਰੰਤ ਵਿਭਾਗ ਨੂੰ ਕਿਹਾ ਸੀ । ਪਰ ਸਾਲ ਬੀਤ ਜਾਣ ਦੇ ਬਾਅਦ ਵੀ ਮੰਗਾਂ ਜਿਉਂ ਦੀਆਂ ਤਿਉਂ ਖੜੀਆਂ ਹਨ । ਇੱਥੇ ਜ਼ਿਕਰ ਯੋਗ ਹੈ ਕਿ ਹਿੰਦੁਸਤਾਨ ਦੇ ਵਿੱਚ ਪ੍ਰੀ ਸਕੂਲ ਐਜੂਕੇਸ਼ਨ ਆਂਗਨਵਾੜੀ ਕੇਂਦਰਾਂ ਨੂੰ ਦਿੱਤੀ ਜਾ ਰਹੀ ਹੈ। ਪਰ ਪੰਜਾਬ ਦੇ ਵਿੱਚ ਤਿੰਨ ਤੋਂ ਛੇ ਸਾਲ ਦੇ ਬੱਚੇ ਨਰਸਰੀ ਐਲ ਕੇ ਜੀ ਦੇ ਨਾਂ ਤੇ ਸਕੂਲਾਂ ਵਿੱਚ ਸੁੱਟ ਦਿੱਤੇ ਗਏ ਹਨ। ਸਕੂਲ ਅਧਿਆਪਕ ਪਿਛਲੇ ਸਾਂਝੇ ਹੋਏ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹਨ ਇੱਕ ਘੰਟਾ ਬੱਚਾ ਬਿਠਾ ਕੇ ਘਰ ਭੇਜਣ ਦੇ ਨਾਲ ਉਸ ਦੇ ਬਾਕੀ ਵਿਕਾਸ ਤੋਂ ਅਧੂਰਾ ਰੱਖਿਆ ਜਾ ਰਿਹਾ ਹੈ । ਬਚਪਨ ਨੂੰ ਵਧਣ ਫੁਲਣ ਤੋਂ ਰੋਕਣਾ ਅਤੇ ਉਹਨਾਂ ਦੀ ਗਰੋਥ ਮਨੀਟਰਿੰਗ ਉੱਤੇ ਵਿਘਨ ਦਾ ਕਾਰਨ ਹੈ । ਦੂਜਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੂਣਾ ਪੈਸਾ ਖਰਚ ਕੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਨਿਊਟਰੇਸ਼ਨ ਅੱਤ ਦਰਜੇ ਦੀ ਘਟੀਆ ਪ੍ਰਾਪਤ ਹੋ ਰਹੀ ਹੈ । ਉਹ ਭਾਵੇਂ ਤਿੰਨ ਜਿਲੇ ਐਨ ਜੀ ਓ ਨੂੰ ਦਿੱਤੇ ਹੋਏ ਹੋਣ ਜਿਨਾਂ ਵਿੱਚ ਫਿਰੋਜ਼ਪੁਰ ਹੁਸ਼ਿਆਰਪੁਰ ਅਤੇ ਫਾਜ਼ਿਲਕਾ ਹਨ ਅਤੇ ਭਾਵੇਂ ਪੰਜਾਬ ਭਰ ਵਿੱਚ ਮਾਰਕਫੈਡ ਦੁਆਰਾ ਸਪਲਾਈ ਦਿੱਤੀ ਜਾਂਦੀ ਹੋਵੇ । ਕੰਪਨੀਆਂ ਵੱਲੋਂ ਸੈਂਪਲ ਹੋਰ ਵਿਖਾਏ ਜਾਂਦੇ ਹਨ ਅਤੇ ਭੇਜੇ ਹੋਰ ਜਾਂਦੇ ਹਨ । ਇਸ ਦੇ ਜਿੰਮੇਵਾਰ ਕੌਣ ਹੋਵੇਗਾ ਇਹ ਵੀ ਜਵਾਬ ਪੰਜਾਬ ਸਰਕਾਰ ਤੋਂ ਮੰਗਿਆ ਜਾਵੇਗਾ । ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਆਂਗਣਵਾੜੀ ਦੀ ਭਰਤੀ ਵਿਚਾਲੇ ਹੀ ਲਟਕ ਰਹੀ ਹੈ। ਉਸ ਨੂੰ ਪੂਰਾ ਕਰਨ ਦੇ ਲਈ ਮੰਗ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਰੰਟੀ ਅਨੁਸਾਰ ਮਾਣਭੱਤੇ ਵਿੱਚ ਦੁਗਣਾ ਵਾਧਾ ਅਜੇ ਗਰੰਟੀ ਵਿੱਚ ਹੀ ਹੈ । ਉਸ ਦਾ ਵੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ । ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਹੀ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ ਜਿਸ ਕਾਰਨ ਆਂਗਨਵਾੜੀ ਵਰਕਰ ਹੈਲਪਰਾ ਵਿੱਚ ਤਿੱਖਾ ਰੋਸ ਹੈ ਅਤੇ ਇਸ ਰੋਸ ਦੇ ਪ੍ਰਗਟਾਵੇ ਨੂੰ ਲੈ ਕੇ 7 ਜੁਲਾਈ ਨੂੰ ਜਲੰਧਰ ਵਿਖੇ ਆਪਣਾ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਤੋਂ ਮੰਗਿਆ ਜਾਵੇਗਾ ਜਵਾਬ।