ਡੇਰਾ ਸੱਚਾ ਸੌਦਾ ਮੁੱਖੀ ਨੂੰ ਪੈਰੋਲ ਦੇਣ ’ਤੇ ਸਿੱਖ ਜਥੇਬੰਦੀਆਂ ’ਚ ਰੋਸ ਦੀ ਲਹਿਰ
–ਸਿੱਖ ਪੰਥ ਰਾਜਨੀਤਕ ਅਤੇ ਧਾਰਮਿਕ ਆਗੂਆਂ ਨੂੰ ਇੱਕ ਪਲੇਟ ਫਾਰਮ ’ਤੇ ਇਕੱਠੇ ਹੋਣ ਦੀ ਲੋੜ : ਅਜਨਾਲਾ/ਜੋਗੇਵਾਲਾ/ ਖੁਖਰਾਣਾ
ਮੋਗਾ/ ਖੁਖਰਾਣਾ, 18 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ) : ਅੱਜ ਜੋ ਕੁਝ ਦੇਸ਼ ਅੰਦਰ ਵਾਪਰ ਰਿਹਾ ਹੈ ਨੂੰ ਸਾਰੀਆਂ ਪੰਥਕ ਧਿਰਾਂ ਨੂੰ ਗੌਰ ਨਾਲ ਵਾਚਣ ਦੀ ਲੋੜ ਹੈ ਅਤੇ ਘੱਟ ਗਿੱਣਤੀ ਕੌਮਾਂ ਨੂੰ ਅਪਣੇ ਹੱਕ ਹਕੂਕਾਂ ਤੋ ਵਾਂਝੇ ਕੀਤਾ ਜਾ ਰਿਹਾ।
ਇਨ੍ਹਾਂ ਸਬਦਾ ਦਾ ਪ੍ਰਗਟਾਵਾ ਮੁਤਵਾਦੀ ਜੱਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸਮ ਸਿੰਘ ਖੁਖਰਾਣਾ, ਬਾਬਾ ਬਲਦੇਵ ਸਿੰਘ ਜੋਗੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਿਆਂ ਪਾਲਕਾ ਵਿਧਾਨ ਪਾਲਕਾ ਅਤੇ ਕਾਰਜ ਪਾਲਕਾ ਘੱਟ ਗਿਣਤੀਆਂ ਨੂੰ ਇਨਸਾਫ ਦੇਣ ਲਈ ਕੋਈ ਉਪਰਾਲਾ ਨਹੀ ਕਰ ਰਹੀਆਂ ਅਤੇ ਨਾ ਹੀ ਸਾਨੂੰ ਇਨ੍ਹਾਂ ਤੋਂ ਕੋਈ ਆਸ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਤਾਜਾ ਮਿਸਾਲ ਡੇਰਾ ਸੌਦਾ ਮੁੱਖੀ ਤੋਂ ਮਿਲਦੀ ਹੈ ਜੋ ਕਤਲ ਅਤੇ ਬਲਾਤਕਾਰ ਦੀਆਂ ਸਜਾਵਾਂ ਭੁਗਤ ਰਿਹਾ ਹੈ ਨੂੰ ਤੀਸਰੀ ਵਾਰ 40 ਦਿਨ ਦੀ ਪੈਰੋਲ ਛੁੱਟੀ ਦਿੱਤੀ ਗਈ ਹੈ। ਜਦਕਿ ਦੂਜੇ ਪਾਸੇ ਸਿੱਖ ਬੰਦੀਆਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਨਾ ਪੇ ਰੋਲ ਅਤੇ ਨਾ ਹੀ ਰਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਰਦੋਸ਼ਾਂ ਨੂੰ ਕਦੇ ਇਕ ਦਿਨ ਦੀ ਵੀ ਪੇਰੋਲ ਨਾ ਦੇਣਾ ਕੀ ਇਹ ਬੇਇਨਸਾਫੀ ਨਹੀ ਤਾਂ ਹੋਰ ਕੀ ਹੈ ?।
ਉਨ੍ਹਾਂ ਕਿਹਾ ਕਿ ਯੂ.ਪੀ ’ਚ ਸਿੱਖਾਂ ਮੁਸਲਮਾਨਾਂ ਦੇ ਚਾਲੀ ਚਾਲੀ ਸਾਲ ਤੋਂ ਬਣੇ ਘਰਾਂ, ਦੁਕਾਨਾਂ ਅਤੇ ਧਾਰਮਿਕ ਅਸਥਾਨਾਂ ਨੂੰ ਇਹ ਕਹਿ ਕੇ ਢਾਹ ਦੇਣਾ ਕਿ ਇਹ ਨਾਜਾਇਜ ਕਬਜੇ ਹਨ ਦੀ ਆਪਣੀ ਸਾਰੀ ਜਿੰਦਗੀ ਦੀ ਪੂੰਜੀ ਇੱਥੇ ਲਗਾ ਦਿੱਤੀ ਅਤੇ ਅੱਜ ਭਿਖਾਰੀਆਂ ਦੀ ਜਿੰਦਗੀ ਜਿਓਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਭਾਰਤ ’ਚ ਕਈ ਸਟੇਟਾਂ ਨਾਗਾਂਲੈਡ, ਮਹਾਰਾਸਟਰਾ, ਤਾਮਿਲਨਾਡੂ ਆਦਿ ਵੱਧ ਅਧਿਕਾਰਾਂ ਦੀ ਮੰਗ ਕਰਦੀਆਂ ਹਨ ਅਤੇ ਜਿਸ ਦੀ ਤਰਜਮਾਨੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮੰਗ ਸਿੱਖਾਂ ਅਤੇ ਮੁਸਲਮਾਨ ਭਾਈਚਾਰੇ ਨੇ ਪੰਜਾਬ ਅਤੇ ਜੰਮੂ ਕਸਮੀਰ ’ਚ ਕੀਤੀ ਗਈ ਹੁੰਦੀ ਤਾਂ ਅੱਤਵਾਦੀ ਵੱਖਵਾਦੀ ਦਾ ਖਿਤਾਬ ਦੇ ਕੇ ਦੇਸਧ੍ਰੋਹੀ ਬਣਾ ਕੇ ਪੇਸ ਕੀਤਾ ਜਾਣਾ ਸੀ ਜੋ ਵਿਤਕਰਾ ਪ੍ਰਗਟਾਉਂਦਾ ਹੈ।
ਉਨ੍ਹਾਂ ਕਿਹਾ ਕਿ ਜੇ ਕੱਟੜਪੰਥੀ ਹਿੰਦੂ ਲੀਡਰ ਇਹ ਕਹਿ ਦੇਣ ਕਿ ਭਾਰਤ ਹਿੰਦੂ ਰਾਸਟਰ ਬਣੇਗਾ ਅਤੇ ਇਸ ਦੇਸ਼ ’ਚ ਰਹਿਣ ਵਾਲਿਆਂ ਨੂੰ ਇੱਕੋ ਹਿੰਦੂ ਧਰਮ ਗ੍ਰਹਿਣ ਕਰਨਾ ਪਵੇਗਾ ਤਾਂ ਕੋਈ ਕੇਸ ਦਰਜ ਨਹੀ ਹੁੰਦਾ, ਪਰ ਜੇਕਰ ਕੋਈ ਸਿੱਖ ਰਾਜ ਦੀ ਗੱਲ ਕਰ ਦੇਵੇ ਤਾ ਯੂਏਪੀਏ ਵਰਗੇ ਕਾਲੇ ਕਨੂੰਨਾਂ ਤਹਿਤ ਜੇਲਾਂ ’ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਜਮਾਨਤਾਂ ਵੀ ਨਹੀ ਹੁੰਦੀਆਂ ਅਤੇ ਜੇਲ੍ਹਾਂ ’ਚ ਸੜਨ ਲਈ ਸਾਲਾਂ ਬੱਧੀ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਦੇਸ਼ ’ਚ ਅਮਨ ਸਾਂਤੀ ਧੱਕੇ ਨਾਲ ਅਤੇ ਜਬਰਦਸਤੀ ਪੈਦਾ ਨਹੀ ਕੀਤੀ ਜਾ ਸਕਦੀ ਅਤੇ ਅਮਨ ਸਾਂਤੀ ਬਰਕਰਾਰ ਰੱਖਣ ਲਈ ਸਮਾਜਿਕ ਅਤੇ ਧਾਰਮਿਕ ਬਰਾਬਰਤਾ ਵਾਲਾ ਮਹੌਲ ਪ੍ਰਦਾਨ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਵਰਤਾਰੇ ਨੂੰ ਸਮਝਦੇ ਹੋਏ ਸਿੱਖ ਪੰਥਕ ਰਾਜਨੀਤਕ ਅਤੇ ਧਾਰਮਿਕ ਅਗੂਆਂ ਨੂੰ ਇਕ ਪਲੇਟ ਫਾਰਮ ਤੇ ਤੁਰੰਤ ਇੱਕਠੇ ਹੋਣ ਦੀ ਲੋੜ ਹੈ।
ਇਸ ਮੌਕੇ ਭਾਈ ਮੇਜਰ ਸਿੰਘ ਪੰਡੋਰੀ, ਬਾਬਾ ਚਮਕੌਰ ਸਿੰਘ ਭਾਈਰੂਪਾ, ਗਿਆਨੀ ਹਰਪ੍ਰੀਤ ਸਿੰਘ, ਇੱਕਬਾਲ ਸਿੰਘ ਜੋਗੇਵਾਲਾ, ਗਿਆਨੀ ਜਸਵਿੰਦਰ ਸਿੰਘ ਟਿੰਡਵਾਂ, ਗਿਆਨੀ ਪ੍ਰਮਿੰਦਰ ਸਿੰਘ, ਗਿਆਨੀ ਸਤਿਨਾਮ ਸਿੰਘ ਜਨੇਰ ਆਦਿ ਹਾਜਰ ਸਨ।