ਪਟਿਆਲਾ, 4 ਅਪਰੈਲ (ਰਾਖਾ ਪ੍ਰਭ ਬਿਉਰੋ)
ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੀਨੀਅਰ ਆਗੂ ਅਤੇ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਵੱਲੋਂ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਵਿਰੁੱਧ ਕੀਤੀ ਅਸ਼ਲੀਲ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਮਹਿਲਾ ਮੋਰਚਾ ਪ੍ਰਧਾਨ ਨੇ ਕਿਹਾ, “ਮੈਂ ਕਾਂਗਰਸ ਦੇ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ ਵੱਲੋਂ ਸਾਡੀ ਸੰਸਦ ਮੈਂਬਰ ਹੇਮਾ ਮਾਲਿਨੀ ਜੀ ਵਿਰੁੱਧ ਕੀਤੀ ਗਈ ਨੀਚ ਅਤੇ ਅਪਮਾਨਜਨਕ ਟਿੱਪਣੀ ਦੀ ਸਖ਼ਤ ਨਿਖੇਧੀ ਕਰਦੀ ਹਾਂ। ਇਹ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਇਸਦੇ ਨੇਤਾਵਾਂ ਦੀ ਪਿਛਾਖੜੀ ਸੋਚ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੀ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਸੁਰਜੇਵਾਲਾ ਦੁਆਰਾ ਕੀਤੀ ਗਈ ਇਹ ਟਿੱਪਣੀ ਬਹੁਤ ਹੀ ਘਿਣਾਉਣੀ ਅਤੇ ਅਪਮਾਨਜਨਕ ਹੈ, ਨਾ ਸਿਰਫ ਹੇਮਾ ਮਾਲਿਨੀ ਲਈ, ਬਲਕਿ ਆਮ ਤੌਰ ‘ਤੇ ਸਾਰੀਆਂ ਔਰਤਾਂ ਲਈ। ਇਸ ਬਿਆਨ ਨੇ ਸਾਨੂੰ ਸਭ ਨੂੰ ਦੁਖੀ ਕੀਤਾ ਹੈ ਅਤੇ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਜਨਤਾ ਉਨ੍ਹਾਂ ਨੂੰ ਜ਼ਰੂਰ ਸਬਕ ਸਿਖਾਏਗੀ।”