Home » ਚੜ੍ਹਦੀ ਕਲਾ ਨਾਲ ਸਿੱਖ ਸੱਭਿਆਚਾਰ ਦੀ ਪੇਸ਼ਕਾਰੀ

ਚੜ੍ਹਦੀ ਕਲਾ ਨਾਲ ਸਿੱਖ ਸੱਭਿਆਚਾਰ ਦੀ ਪੇਸ਼ਕਾਰੀ

ਅਨੰਦਪੁਰ ਸਾਹਿਬ ਨਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖ਼ਰੀਦ ਕੇ 1665 ’ਚ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦਾ ਨਾਂ ਦਿੱਤਾ।

by Rakha Prabh
77 views

ਸ਼੍ਰੀ ਅਨੰਦਪੁਰ ਸਾਹਿਬ ਨਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖ਼ਰੀਦ ਕੇ 1665 ’ਚ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦਾ ਨਾਂ ਦਿੱਤਾ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਵਸੇ ਇਸ ਨਗਰ ਦੀ ਸਿੱਖ ਪੰਥ ’ਚ ਇਤਿਹਾਸਕ ਮਹੱਤਤਾ ਹੈ। ਇਸ ਦੀ ਸਥਾਪਨਾ 19 ਜੂਨ 1665 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਭੋਰਾ ਸਾਹਿਬ ਦੇ ਸਥਾਨ ’ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਜੀ ਸੁਹਾਵਣੇ ਪਹਾੜੀ ਸਥਾਨ ’ਤੇ ਚਲੇ ਗਏ, ਜੋ ਕੀਰਤਪੁਰ ਦੇ ਉੱਤਰ-ਪੱਛਮ ’ਚ ਪੰਜ ਮੀਲ ਦੀ ਵਿੱਥ ’ਤੇ ਸੀ। ਉਨ੍ਹਾਂ ਨੇ ਕਹਿਲੂਰ ਦੇ ਰਾਜੇ ਪਾਸੋਂ 500 ਰੁਪਏ ’ਚ ਇਕ ਜ਼ਮੀਨ ਦਾ ਟੁਕੜਾ ਖ਼ਰੀਦ ਕੇ ਨਵੇਂ ਨਗਰ ਦੀ ਨੀਂਹ ਰੱਖੀ ਸੀ, ਜਿਸ ਦਾ ਨਾਂ ਅਨੰਦਪੁਰ ਰੱਖਿਆ ਗਿਆ। ਉਨ੍ਹਾਂ ਦੇ ਸਪੁੱਤਰ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਪੰਜ ਸਾਲ ਦੀ ਉਮਰ ਵਿਚ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਸਨ। ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵੇਲੇ ਇਨ੍ਹਾਂ ਦੀ ਉਮਰ 9 ਸਾਲ ਸੀ ਜਦੋਂ ਇੱਥੋਂ ਹੀ ਆਪਣੇ ਪਿਤਾ ਨੂੰ ਧਰਮ ਦੀ ਆਜ਼ਾਦੀ ਦੀ ਰਾਖੀ ਵਾਸਤੇ ਸ਼ਹੀਦ ਹੋਣ ਲਈ ਦਿੱਲੀ ਭੇਜਿਆ।ਕਿਲਾ ਹੋਲਗੜ੍ਹ

ਇਹ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਫ਼ੌਜੀਆਂ ਨੂੰ ਜੰਗ ਦਾ ਅਭਿਆਸ ਕਰਵਾਉਣ ਹਿਤ ਤਿਆਰ ਕੀਤਾ ਸੀ। ਅਨੰਦਪੁਰ ਦੇ ਇਸ ਕਿਲੇ੍ਹ ’ਚ ਦਸਮੇਸ਼ ਦੀਵਾਨ ਲਾ ਕੇ ਸੰਮਤ 1757 ਚੇਤ ਵਦੀ 1 ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ। ਗੁਰੂ ਜੀ ਨੇ ਖ਼ਾਲਸੇ ਨੂੰ ਸ਼ਸਤਰ ਤੇ ਯੁੱਧ ਵਿੱਦਿਆ ’ਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਤੇ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਇਕ ਖ਼ਾਸ ਥਾਂ ਕਬਜ਼ਾ ਕਰਨਾ। ਗੁਰੂ ਜੀ ਆਪ ਮਸਨੂਈ ਜੰਗਾਂ ਦੇ ਕਰਤੱਬ ਦੇਖਦੇ ਸਨ। ਇੱਥੇ ਹੋਲੇ ਦੇ ਪੁਰਬ ਮੌਕੇ ਘੋੜਸਵਾਰੀ, ਨੇਜ਼ਾਬਾਜ਼ੀ, ਤਲਵਾਰਬਾਜ਼ੀ, ਗੱਤਕਾ ਤੇ ਕੁਸ਼ਤੀਆਂ ਦੇ ਮੁਕਾਬਲੇ ਹੋਇਆ ਕਰਦੇ ਸਨ।ਨਿਹੰਗਾਂ ਵੱਲੋਂ ਕੱਢਿਆ ਜਾਦਾ ਮਹੱਲਾ

ਵਰਤਮਾਨ ਸਮੇਂ ਵਿਸ਼ਾਲ ਨਗਰ ਕੀਰਤਨ ਜਲੂਸ ਦੀ ਸ਼ਕਲ ’ਚ ਅਨੰਦਪੁਰ ਤੋਂ ਆਰੰਭ ਹੋ ਕੇ ਹੋਲਗੜ੍ਹ ਵਿਖੇ ਸੰਪੂਰਨ ਹੁੰਦਾ ਹੈ। ਨਿਹੰਗ ਸਿੰਘਾਂ ਦੇ ਵੱਖ-ਵੱਖ ਜੱਥੇ ਮਸਨੂਈ ਜੰਗ ਦੇ ਦਿਲਕਸ਼ ਤੇ ਖ਼ੂਬਸੂਰਤ ਨਜ਼ਾਰੇ ਪੇਸ਼ ਕਰਦੇ ਹਨ। ਹੋਲੇ ਦੇ ਪੁਰਬ ਮੌਕੇ ਸੰਗਤ ਵਾਸਤੇ ਇਸ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਨਿਸ਼ਾਨੀ ਵਿਸ਼ੇਸ਼ ਅਧਿਆਤਮਕ ਮਹੱਤਵ ਰੱਖਦੀ ਹੈ।

ਹੋਲੇ ਮਹੱਲੇ ’ਚ ਖਿੱਚ ਦਾ ਮੁੱਖ ਕੇਂਦਰ ਨਿਹੰਗ ਸਿੰਘਾਂ ਦੇ ਜੱਥਿਆਂ ਵੱਲੋਂ ਕੱਢਿਆ ਜਾਂਦਾ ਮਹੱਲਾ ਹੁੰਦਾ ਹੈ। ਇਹ ਮਹੱਲਾ ਕਿਲ੍ਹਾ ਕੇਸਗੜ੍ਹ ਤੋਂ ਆਰੰਭ ਹੋ ਕੇ ਕਿਲ੍ਹਾ ਹੋਲਗੜ੍ਹ ਵਿਖੇ ਸਮਾਪਤ ਹੁੰਦਾ ਹੈ। ਇਸ ਮਹੱਲੇ ’ਚ ਨਿਹੰਗ ਸਿੰਘ ਦਲ ਆਪਣੇ ਰਵਾਇਤੀ ਬਾਣੇ ਤੇ ਸ਼ਾਸਤਰਾਂ ਨਾਲ ਘੋੜਿਆਂ ਉੱਤੇ ਸਵਾਰ ਹੋ ਕੇ ਸ਼ਾਮਿਲ ਹੁੰਦੇ ਹਨ, ਜੋ ਚੜ੍ਹਦੀ ਕਲਾ ਨਾਲ ਸਿੱਖ ਸੱਭਿਆਚਾਰ ਨੂੰ ਪੇਸ਼ ਕਰਦੇ ਹਨ। ਅਖੀਰ ’ਚ ਨਿਹੰਗ ਸਿੰਘ ਤੇ ਅਕਾਲੀ ਸਿੰਘ ਆਪੋ-ਆਪਣੇ ਨਿਸ਼ਾਨ ਸਾਹਿਬ ਸਮੇਤ ਨਗਾਰੇ ਵਜਾਉਂਦੇ ਹੋਏ ਵਾਪਸ ਆਪਣੀ ਜਗ੍ਹਾ ’ਤੇ ਚਲੇ ਜਾਂਦੇ ਹਨ। ਇਸ ਮਗਰੋਂ ਮੇਲਾ ਘਟਣਾ ਸ਼ੁਰੂ ਹੋ ਜਾਂਦਾ ਹੈ।

ਹੋਲੇ ਮਹੱਲੇ ਦੀ ਇਤਿਹਾਸਕ ਮਹੱਤਤਾ

ਹੋਲਾ ਮਹੱਲਾ ਮਨਾਏ ਜਾਣ ਦੀ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਹੈ। ਇਹ ਬਲਵਾਨ ਚਿੰਤਨ ਤੇ ਸੋਚ ਦੀ ਦੇਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਮਹਾਨ ਯੋਧੇ ਸਨ, ਉੱਥੇ ਪ੍ਰਬੋਧ ਵਿਦਵਾਨ, ਵਿਚਾਰਵਾਨ ਤੇ ਚਿੰਤਕ ਵੀ ਸਨ। ਅਸਲ ’ਚ ਇਹ ਤਿਉਹਾਰ ਹਿੰਦੂ ਸਮਾਜ ਦੀ ਵਰਣ-ਵੰਡ ਦੀ ਪੈਦਾਵਾਰ ਸੀ। ਹਿੰਦੂ ਵਰਣ- ਆਸ਼ਰਮ ਪ੍ਰਧਾਨ ਸਮਾਜ ’ਚ ਹਰ ਮਨੁੱਖ ਨੂੰ ਹਰ ਤਿਉਹਾਰ ਮਨਾਉਣ ਦੀ ਆਜ਼ਾਦੀ ਨਹੀਂ ਸੀ। ਮਸਲਨ ਸ਼ਾਵਣੀ ਸਿਰਫ਼ ਬ੍ਰਾਹਮਣਾਂ ਲਈ ਰਾਖਵੀਂ ਸੀ। ਦੁਸਹਿਰਾ ਸਿਰਫ਼ ਖੱਤਰੀਆਂ ਲਈ ਰਾਖਵਾਂ ਸੀ। ਦੀਵਾਲੀ ਸਿਰਫ਼ ਵੈਸ਼ਵਾਂ ਲਈ ਤੇ ਹੋਲੀ ਸਿਰਫ਼ ਸ਼ੂਦਰਾਂ ਲਈ ਰਾਖਵਾਂ ਤਿਉਹਾਰ ਸੀ।

ਸੈਂਕੜੇ ਵਰ੍ਹਿਆਂ ਤੋਂ ਸਮਾਜਿਕ, ਰਾਜਸੀ ਤੇ ਮਾਨਸਿਕ ਗ਼ੁਲਾਮੀ ਭੋਗ ਰਹੀ ਜਨਤਾ ਦੀ ਮਾਨਸਿਕਤਾ ਨੂੰ ਬਦਲ ਕੇ ਉਸ ’ਚ ਸਵੈ-ਵਿਸ਼ਵਾਸ, ਆਤਮ ਨਿਰਭਰਤਾ, ਨਿਡਰਤਾ, ਅਣਖ, ਸਵੈਮਾਣ ਤੇ ਮਨੋਬਲ ਨੂੰ ਬਲਵਾਨ ਰੱਖਣ ਦੀ ਭਾਵਨਾ ਨੂੰ ਸੰਚਾਰ ਕਰਨ ਦਾ ਅਹਿਮ ਸਰੋਕਾਰ ਸੀ। ਗੁਰੂ ਜੀ ਨੇ ਉਨ੍ਹਾਂ ਦੀ ਸੋਚ ਤੇ ਗ਼ੁਲਾਮਾਂ ਵਾਲੀ ਮਾਨਸਿਕਤਾ ਨੂੰ ਬਦਲਣ ਲਈ ਕਈ ਇਤਿਹਾਸਕ ਤੇ ਇਨਕਲਾਬੀ ਕਦਮ ਚੁੱਕੇ। ਖ਼ਾਲਸਾ ਪੰਥ ਦੀ ਸਾਜਨਾ ਉਨ੍ਹਾਂ ਵੱਲੋਂ ਪੁੱਟਿਆ ਗਿਆ ਪਹਿਲਾ ਇਤਿਹਾਸਕ ਕਦਮ ਸੀ। ਇਹ ਸੰਸਾਰ ਦੇ ਇਤਿਹਾਸ ’ਚ ਵਾਪਰੀ ਮਹੱਤਵਪੂਰਨ ਘਟਨਾ ਹੈ। ਹੋਲਾ ਮਹੱਲਾ ਹੋਲੀ ਦੇ ਬਰਾਬਰ ਉਸਰਿਆ ਹੈ। ਹੋਲੀ ਜਾਤਾਂ ਵਿਚ ਵੰਡੀ ਹੋਈ ਸੀ, ਲੋਕ ਆਪਣੀ ਜਾਤ ’ਚ ਹੋਲੀ ਖੇਡਦੇ ਸਨ ਜਦਕਿ ਹੋਲੇ ਮਹੱਲੇ ’ਚ ਸਭ ਜਾਤਾਂ ਦੇ ਲੋਕ ਇਕੱਠੇ ਇਕ ਦੂਜੇ ’ਤੇ ਰੰਗ ਸੁੱਟਦੇ ਸਨ।

ਖ਼ਾਲਸਾ ਪੰਥ ਦੀ ਸਿਰਜਣਾ

ਇਸ ਪਵਿੱਤਰ ਸਥਾਨ ’ਤੇ 1699 ਦੀ ਵਿਸਾਖੀ ਮੌਕੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਸਮਾਜ ’ਚ ਸ਼ੂਦਰ ਵਰਗ ਲਈ ਰਾਖਵੇਂ ਕੀਤੇ ਹੋਲੀ ਦੇ ਤਿਉਹਾਰ ਜੋ ਨਿਮਾਣਿਆਂ ਤੇ ਨਿਤਾਣਿਆਂ ਲੋਕਾਂ ਲਈ ਮਾਨਸਿਕ ਗ਼ੁਲਾਮੀ ਦਾ ਪ੍ਰਤੀਕ ਸੀ, ਉਸ ਨੂੰ ਹੋਲੇ ਦੇ ਰੂਪ ’ਚ ਤਬਦੀਲ ਕੀਤਾ। ਹੋਲਾ ਚੜ੍ਹਦੀਕਲਾ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੋਇਆ ਸਮਾਜਿਕ ਸੁਰੱਖਿਆ ਦਾ ਕੇਂਦਰ ਬਣ ਗਿਆ। ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਦੁਨੀਆ ਭਰ ’ਚ ਮਸ਼ਹੂਰ ਹੈ। ਗੁਰੂ ਜੀ ਨੇ ਰੰਗ ਪਾਉਣ ਦੀ ਬੇਮਾਇਨਾ ਰਸਮ ਤੋਂ ਸਿੱਖਾਂ ਨੂੰ ਹਟਾਉਣ ਵਾਸਤੇ ਇਸ ਦਿਨ ਨੂੰ ਹੋਲਾ ਮਹੱਲਾ ਸ਼ੁਰੂ ਕੀਤਾ। ਇਸ ਦਿਨ ਸਿੱਖ ਸ਼ਸਤਰ ਚਲਾਉਣ ਤੇ ਮਾਰਸ਼ਲ ਖੇਡ ਮੁਕਾਬਲਿਆਂ ’ਚ ਹਿੱਸਾ ਲਿਆ ਕਰਦੇ ਸਨ। ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਬਸੰਤ ਰਾਗ ਦੀ ਬਾਣੀ ਪੜ੍ਹ ਕੇ ਹੋਲਾ ਆਰੰਭ ਕੀਤਾ ਤੇ ਅਨੰਦਪੁਰ ਦੇ ਸੀਸ ਗੰਜ ਗੁਰਦੁਆਰੇ ’ਚ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਾ ਕੇ ਛਕਿਆ ਤੇ ਇਸ ਸਮਾਗਮ ਦੀ ਸਮਾਪਤੀ ਹੋਈ।

– ਡਾ. ਖ਼ੁਸ਼ਹਾਲ ਸਿੰਘ

Related Articles

Leave a Comment