ਫਗਵਾੜਾ (ਸ਼ਿਵ ਕੋੜਾ) ਨਗਰ ਨਿਗਮ ਫਗਵਾੜਾ ਦੀ ਹਦੂਦ ਅੰਦਰ ਡੇਂਗੂ ਦੀ ਰੋਕਥਾਮ ਲਈ ਨਵ.ਨਿਯੁਕਤ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਉਹਨਾਂ ਵੱਲੋਂ ਸਿਵਲ ਹਸਪਤਾਲ,ਹੈਲਥ ਸ਼ਾਖਾ ਅਤੇ ਬੀ ਡੀ ਪੀ ਓ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਮਿਤੀ 28 ਅਗਸਤ ਨੂੰ ਬੁਲਾਈ ਗਈ ਹੈ, ਜਿਸ ਵਿੱਚ ਸ਼ਹਿਰ ਅੰਦਰ ਫੈਲ ਰਹੇ ਡੇਂਗੂ ਦੇ ਪ੍ਰਕੋਪ ਦੀ ਰੋਕਥਾਮ ਲਈ ਲੋੜੀਂਦਾ ਰੋਡ ਮੈਪ ਤਿਆਰ ਕੀਤਾ ਜਾਵੇਗਾ, ਅਧਿਕਾਰੀਆਂ/ਕਰਮਚਾਰੀਆਂ ਦੀਆਂ ਟੀਮਾਂ ਦੀ ਗਠਨ ਕਰਦੇ ਹੋਏ ਸਾਰੇ ਸ਼ਹਿਰ ਵਿੱਚ ਫੋਗਿੰਗ ਅਤੇ ਸਪਰੇਅ ਕਰਵਾਈ ਜਾਵੇਗੀ। ਕਮਿਸ਼ਨਰ ਨਗਰ ਨਿਗਮ ਫਗਵਾੜਾ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਹੈਲਥ ਸ਼ਾਖਾ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਸ਼ਹਿਰ ਅੰਦਰ ਰੈਗੂਲਰ ਤੌਰ ‘ਤੇ ਫੋਗਿੰਗ ਕੀਤੀ ਜਾਵੇ। ਸਿਵਲ ਹਸਪਤਾਲ ਵਿਖੇ ਵੀ ਡੇਂਗੂ ਦੇ ਇਲਾਜ ਲਈ ਲੋੜੀਂਦੇ ਪ੍ਰਬੰਧ ਸੁਨਿਸ਼ਚਿਤ ਕੀਤੇ ਜਾਣ ਅਤੇ ਡੇਂਗੂ ਦੀ ਰੋਕਥਾਮ ਲਈ ਡੋਰ ਟੂ ਡੋਰ ਸਰਵੈ ਕਰਕੇ ਡੇਂਗੂ ਦਾ ਲਾਰਵਾ ਨਸ਼ਟ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਹਨਾਂ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਕਿ ਸ਼ਹਿਰ ਦੇ ਹਾਟ ਸਪਾਟ ਏਰੀਆਜ਼ ਭਾਵ ਜਿੱਥੇ ਡੇਂਗੂ ਦਾ ਪ੍ਰਕੋਪ ਜ਼ਿਆਦਾ ਹੈ, ਉਹਨਾਂ ਏਰੀਆਜ਼ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਫੋਗਿੰਗ/ਸਪੇਰਅ ਅਤੇ ਡੋਰ ਟੂ ਡੋਰ ਸਰਵੈ ਕੀਤਾ ਜਾਵੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿੱਚ ਬਰਤਨਾਂ/ਕੂਲਰਾਂ/ਟਾਇਰਾਂ ਆਦਿ ਵਿੱਚ ਸਾਫ ਪਾਣੀ ਨਾ ਰੱਖਿਆ ਜਾਵੇ ਕਿਉਂਕਿ ਡੇਂਗੂ ਦਾ ਲਾਰਵਾ ਸਾਫ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ। ਉਹਨਾਂ ਅੱਗੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਡੇਂਗੂ ਦੇ ਪ੍ਰਕੋਪ ਉੱਪਰ ਕਾਬੂ ਪਾ ਲਿਆ ਜਾਵੇਗਾ।