ਬੰਨ੍ਹ ਨੂੰ ਪੂਰਨ ਲਈ ਸਾਰੀਆਂ ਹੀ ਟੀਮਾਂ ਤਨਦੇਹੀ ਨਾਲ ਜੁਟੀਆਂ ਹੋਈਆਂ ਹਨ-ਡਿਪਟੀ ਕਮਿਸ਼ਨਰ
ਵਿਧਾਇਕ, ਡਵੀਜ਼ਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੇ ਚਾਂਦਪੁਰਾ ਬੰਨ੍ਹ ਸਿਧਾਣੀ ਪਿੰਡ ’ਚ
ਪਏ ਪਾੜ ਨੂੰ ਪੂਰਨ ਦੇ ਕੰਮ ਦਾ ਲਿਆ ਜਾਇਜ਼ਾ
ਮਾਨਸਾ, 22 ਜੁਲਾਈ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ, ਡਵੀਜ਼ਨਲ
ਕਮਿਸ਼ਨਰ ਫਰੀਦਕੋਟ ਰੇਂਜ ਸ੍ਰੀ ਚੰਦਰ ਗੇਂਦ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਚਾਂਦਪੁਰਾ
ਬੰਨ੍ਹ ਹਰਿਆਣਾ ਦੀ ਹੱਦ ਵਿਚ ਪੈਂਦੇ ਪਿੰਡ ਸਿਧਾਣੀ ਨੇੜੇ ਪਏ ਪਾੜ ਨੂੰ ਪੂਰਨ ਦੇ ਚੱਲ ਰਹੇ ਕੰਮ ਦਾ
ਜਾਇਜ਼ਾ ਲਿਆ ਅਤੇ ਡਰੇਨਜ਼ ਵਿਭਾਗ ਸਮੇਤ ਫੌਜ ਦੇ ਜਵਾਨਾਂ ਨੂੰ ਸਮੁੱਚੇ ਕਾਰਜ ਨੂੰ ਜਲਦ ਨੇਪਰੇ ਚੜ੍ਹਾਉਣ ਦੇ
ਆਦੇਸ਼ ਜਾਰੀ ਕੀਤੇ।
ਇਸ ਮੌਕੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪਿੰਡਾਂ ਵਿੱਚ ਰਾਹਤ ਕਾਰਜ਼ ਲਈ
ਟੀਮਾਂ ਬਣਾਈਆਂ ਹੋਈਆਂ ਹਨ ਜਿੰਨ੍ਹਾਂ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ। ਜਿੱਥੇ ਕਿਤੇ ਰਾਸ਼ਨ
ਪਾਣੀ, ਹਰਾ ਚਾਰਾ, ਮੈਡੀਕਲ ਸਹਾਇਤਾ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਹ ਸਰਕਾਰੀ ਤੌਰ ’ਤੇ
ਵੀ ਭੇਜੀ ਜਾਂਦੀ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ
ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਅਤੇ ਹੋਰ ਦਾਨੀ ਸੱਜਣਾਂ ਦਾ ਵੀ ਇਸ ਕੁਦਰਤੀ ਆਫ਼ਤ
ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਪਾਸੋਂ ਸਥਿਤੀ ਬਾਰੇ ਜਾਣਕਾਰੀ ਲੈਂਣ ਉਪਰੰਤ
ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੇਂਦ ਨੇ ਦੱਸਿਆ ਕਿ ਇੱਥੇ ਲਗਭਗ 180 ਫੁੱਟ ਦਾ ਪਾੜ ਪੈਣ ਕਾਰਨ
ਨਜ਼ਦੀਕੀ ਪਿੰਡ ਪਾਣੀ ਨਾਲ ਪ੍ਰਭਾਵਿਤ ਹੋਏ ਹਨ। ਪਾੜ ਨੂੰ ਪੂਰਨ ਦਾ ਕੰਮ ਡਰੇਨਜ ਵਿਭਾਗ ਅਤੇ ਭਾਰਤੀ
ਸੈਨਾ ਦੀਆਂ ਟੀਮਾਂ ਵੱਲੋਂ ਜੰਗੀ ਪੱਧਰ ’ਤੇ ਜਾਰੀ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਜ਼ਰੂਰੀ
ਮਸ਼ੀਨਰੀ, ਮਿੱਟੀ, ਗੱਟੇ ਅਤੇ ਹੋਰ ਲੋੜੀਂਦਾ ਸਾਜੋ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸ੍ਰੀ ਚੰਦਰ ਗੇਂਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੀ ਸੁਚੱਜੀ
ਅਗਵਾਈ ਵਿਚ ਸਮੁੱਚਾ ਪ੍ਰਸ਼ਾਸਨਿਕ ਅਮਲਾ, ਐਨ.ਡੀ.ਆਰ.ਐਫ ਅਤੇ ਮਿਲਟਰੀ ਦੇ ਜਵਾਨ ਲਗਾਤਾਰ ਬਚਾਅ
ਕਾਰਜਾਂ ਵਿਚ ਜੁਟੇ ਹੋਏ ਹਨ, ਜਿਸ ਸਦਕਾ ਚਾਂਦਪੁਰਾ ਨਜ਼ਦੀਕ ਪਏ 180 ਫੁੱਟ ਪਾੜ ਵਿਚੋਂ ਕਰੀਬ 70
ਫੁੱਟ ਪਾੜ ਨੂੰ ਪੂਰ ਲਿਆ ਗਿਆ ਹੈ ਤੇ ਜਲਦ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ
ਪੂਰਨ ਦੇ ਕਾਰਜ ਵਿਚ ਲੋੜੀਂਦੀ ਹਰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ
ਸਾਰੀਆਂ ਹੀ ਟੀਮਾਂ ਤਨਦੇਹੀ ਨਾਲ ਇਸ ਕਾਰਜ਼ ਵਿਚ ਜੁਟੀਆਂ ਹੋਈਆਂ ਹਨ। ਨਜ਼ਦੀਕੀ ਪ੍ਰਭਾਵਿਤ
ਪਿੰਡਾਂ ਦੇ ਲੋਕਾਂ ਪਾਸੋਂ ਨਿਰੰਤਰ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਮੁਸ਼ਕਿਲਾਂ ਬਾਰੇ ਜਾਣਕਾਰੀ ਲੈਂਦਿਆਂ ਹਰ
ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ, ਐਸ.ਡੀ.ਐਮ. ਬੁਢਲਾਡਾ ਸ੍ਰੀ
ਪ੍ਰਮੋਦ ਸਿੰਗਲਾ, ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ
ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ, ਐਕਸੀਅਨ ਡਰੇਨਜ਼ ਵਿਭਾਗ ਸਰੂਪ ਸਿੰਘ, ਬੀ.ਡੀ.ਪੀ.ਓ. ਸੁਖਵਿੰਦਰ
ਸਿੰਘ, ਫੌਜ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।