Home » ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 10 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੀ ਗਰਾਂਟ ਜਾਰੀ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 10 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੀ ਗਰਾਂਟ ਜਾਰੀ

by Rakha Prabh
12 views
ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ, 2023: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਦੇ 10 ਪਿੰਡਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਉਹ ਪੂਰੀ ਸ਼ਿੱਦਤ ਅਤੇ ਮਿਹਨਤ ਨਾਲ ਜੁਟੇ ਹੋਏ ਹਨ ਅਤੇ ਇਸ ਸਬੰਧੀ ਮੁਢਲੀ ਯੋਜਨਾ ਬਣਾਉਣ ਤੋਂ ਬਾਅਦ ਪੜਾਅਵਾਰ ਢੰਗ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਜੀਵਨ ਦੀਆਂ ਬੁਨਿਆਦੀ ਲੋੜਾਂ ਤੋਂ ਵੀ ਵਾਂਝੇ ਰਹੇ ਸਨ ਪਰ ਜਦੋਂ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਵਾਗਡੋਰ ਸੰਭਾਲੀ ਹੈ ਉਦੋਂ ਤੋਂ ਹੀ ਵਿਧਾਨ ਸਭਾ ਹਲਕਿਆਂ ਦੇ ਸਰਵਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਫੰਡਾਂ ਦੀ ਕੋਈ ਘਾਟ ਨਹੀਂ ਹੈ।
ਕੈਬਨਿਟ ਮੰਤਰੀ ਨੇ ਇਨ੍ਹਾਂ ਪਿੰਡਾਂ ਵਿੱਚ ਵਾਟਰ ਵਰਕਸ ਦੀ ਬਿਹਤਰੀ ਲਈ 1.29 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ। ਉਨ੍ਹਾਂ ਨੇ ਸੰਘੇੜੀ ਵਿੱਚ ਵਾਲੀਬਾਲ ਗਰਾਊਂਡ ਲਈ 4.60 ਲੱਖ, ਬਿਜਲਪੁਰ ਵਿਚ ਵਾਲੀਬਾਲ ਗਰਾਊਂਡ ਲਈ 4.60 ਲੱਖ, ਅਕਬਰਪੁਰ ਵਿਚ ਸ਼ਮਸ਼ਾਨ ਘਾਟ ਲਈ 2 ਲੱਖ ਰੁਪਏ, ਨਾਗਰਾ ਵਿੱਚ ਪਾਰਕ ਲਈ 5 ਲੱਖ, ਸਜੂਮਾ ਵਿਚ ਕਮਿਊਨਿਟੀ ਹਾਲ ਲਈ 10 ਲੱਖ, ਗੱਗੜਪੁਰ ਵਿਖੇ ਕਮਿਊਨਿਟੀ ਹਾਲ ਲਈ 5 ਲੱਖ ਰੁਪਏ, ਈਲਵਾਲ ਵਿਚ ਸੱਥ ਲਈ 4 ਲੱਖ, ਖੇੜੀ ਵਿਖੇ ਵਾਲੀਬਾਲ ਗਰਾਊਂਡ ਲਈ 4.60 ਲੱਖ ਅਤੇ ਸਕੂਲ਼ ਦੀ ਚਾਰਦੀਵਾਰੀ ਲਈ 7.85 ਲੱਖ , ਕਨੋਈ ਵਿਚ ਸੜਕ ਦੁਆਲੇ ਬਰਮਾਂ ਲਈ 9 ਲੱਖ ਅਤੇ ਸਕੂਲ ਦੀ ਚਾਰਦੀਵਾਰੀ ਲਈ 10.70 ਲੱਖ ਰੁਪਏ, ਕੰਮੋਮਾਜਰਾ ਖੁਰਦ ਵਿਖੇ ਧਰਮਸ਼ਾਲਾ ਲਈ 2.50 ਲੱਖ ਅਤੇ ਪੀਣ ਵਾਲੇ ਪਾਣੀ ਲਈ 1.17 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਮੌਕੇ ਗੁਰਿੰਦਰ ਸਿੰਘ ਖੇੜੀ, ਮਨਦੀਪ ਸਿੰਘ ਈਲਵਾਲ਼, ਬਲਜਿੰਦਰ ਸਿੰਘ ਗੋਧਾ, ਦੀਪ ਸਰਪੰਚ, ਤੇਜ ਪ੍ਰਤਾਪ ਸਿੰਘ, ਰਾਮ ਕੁਮਾਰ, ਹਰਪ੍ਰੀਤ ਸਿੰਘ, ਜਗਬੀਰ ਸਿੰਘ, ਭੋਲਾ ਸਿੰਘ, ਲਾਡੀ ਸਿੰਘ, ਤਾਰੀ ਸਿੰਘ, ਗੁਰਤੇਜ ਸਿੰਘ ਵੀ ਹਾਜ਼ਰ ਸਨ।

Related Articles

Leave a Comment