ਚੰਡੀਗੜ੍ਹ/ਸੰਗਰੂਰ, 21, ਜੁਲਾਈ 2023: ਬੀਤੀ 3 ਮਈ ਨੂੰ ਮੇਤੇਈ ਤੇ ਕੁੱਕੀ ਕਬੀਲਿਆਂ ਵਿੱਚ ਭੜਕੀ ਹਿੰਸਾ ਦੇ ਚਲਦਿਆਂ 4 ਮਈ ਕੁੱਕੀ ਕਬੀਲੇ ਨਾਲ ਸਬੰਧਿਤ ਮਨੀਪੁਰ ਵਿੱਚ ਔਰਤਾਂ ਦੀ ਹੋਈ ਬੇਪੱਤੀ ਦੇ ਭਿਅੰਕਰ ਅਤੇ ਦਿਲ ਦਹਿਲਾਉਣ ਵਾਲੇ ਵੀਡੀਓ ਦੀ ਘਟਨਾ ਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਸਖ਼ਤ ਸ਼ਬਦਾਂ, ਵਿੱਚ ਨਿਖੇਧੀ ਕੀਤੀ ਗਈ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਇਸਤ੍ਰੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਗੁਰਬਖਸ਼ ਕੌਰ ਸੰਘਾ ਤੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਕੌਰ ਨੇ ਕਿਹਾ ਕਿ ਹਮੇਸ਼ਾ ਤੋਂ ਹੀ ਦੰਗਿਆਂ, ਯੁੱਧਾਂ ਅਤੇ ਖੂਨ ਖ਼ਰਾਬੇ ਵਿੱਚ ਔਰਤਾਂ ਨੂੰ ਸ਼ਿਕਾਰ ਬਣਾਉਣਾ ਸਮਾਜ ਵਿਚਲੀ ਹਿੰਸਕ ਮਰਦ-ਪ੍ਰਧਾਨ ਸੋਚ ਦਾ ਸਿੱਟਾ ਹੈ। ਮਰਦਾਵੀਂ ਸੋਚ ਹਿੰਸਾ ਦੇ ਨਿਸ਼ਾਨ ਹਮੇਸ਼ਾ ਔਰਤਾਂ ਦੇ ਸਰੀਰਾਂ ਤੇ ਉੱਕਰਦੀ ਹੈ। ਮਨੀਪੁਰ ਵਿੱਚ ਔਰਤਾਂ ਨਾਲ ਹੋਈ ਵਧੀਕੀ ਦੇ ਇੰਨੇ ਸਮੇਂ ਬਾਅਦ ਵੀ ਦੋਸ਼ੀਆਂ ਉੱਤੇ ਕਰਵਾਈ ਨਾ ਕਰਨਾ ਭਾਜਪਾ ਦੀ ਔਰਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਆਸਫਾ ਕਾਂਡ, ਬਿਲਕੀਸ ਬਾਨੋ ਕੇਸ, ਪਹਿਲਵਾਨਾਂ ਦੇ ਖ਼ਿਲਾਫ਼ ਹੋਏ ਅਪਰਾਧਾਂ ਨੇ ਭਾਜਪਾ ਦਾ ਔਰਤ ਵਿਰੋਧੀ ਚਿਹਰਾ ਨੰਗਾ ਕੀਤਾ ਹੈ। ਔਰਤਾਂ ਦੀ ਪਛਾਣ ਨੂੰ ਜਨਤਕ ਕਰਨਾ ਵੀ ਦੁਸ਼ਟਤਾ ਵਾਲੇ ਅਪਰਾਧਾਂ ਦੀ ਸੂਚੀ ਵਿੱਚ ਆਉਂਦਾ ਹੈ। ਮਨੀਪੁਰ ਦੀ ਭਾਜਪਾ ਸਰਕਾਰ ਅਤੇ ਉਸ ਦਾ ਮੁੱਖ ਮੰਤਰੀ ਬੀਰੇਨ ਸਿੰਘ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਹਨ ਕਿਉਂਕਿ ਪੁਲਿਸ ਨੇ ਹਾਲੇ ਤੱਕ ਸਿਰਫ ਜ਼ੀਰੋ ਐੱਫ ਆਈ ਆਰ ਕੀਤੀ ਹੈ।
ਇਸਤਰੀ ਜਾਗ੍ਰਿਤੀ ਮੰਚ ਇਸ ਸਮੇਂ ਮੰਗ ਕੀਤੀ ਕਿ ਔਰਤਾਂ ਖ਼ਿਲਾਫ਼ ਹੋਏ ਅਪਰਾਧ ਨੂੰ ਫਾਸਟ ਟਰੈਕ ਅਦਾਲਤ ਵਿੱਚ ਫੌਰੀ ਦੋਸ਼ੀ ਖਿਲਾਫ ਕਾਰਵਾਈ ਕਰਦੇ ਹੋਏ ਬਣਦੀ ਸਜ਼ਾ ਦੇਣੀ ਚਾਹੀਦੀ ਹੈ। ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੂੰ ਉਸਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆ ਤੇ ਬਣਦੀ ਕਾਰਵਾਈ ਅਤੇ ਸੂਬੇ ਵਿਚ ਸ਼ਾਂਤੀ ਬਹਾਲ ਕੀਤੇ ਜਾਣ ਦੀ ਮੰਗ ਕੀਤੀ। ਇਸ ਸਮੇਂ ਉਨ੍ਹਾਂ ਕਿਹਾ ਕਿ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਵੱਖ ਵੱਖ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਇਸ ਸਮੇਂ ਉਹਨਾਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਇਸ ਘਟਨਾ ਦਾ ਡਟਵਾਂ ਵਿਰੋਧ ਕਰਨ ਦੀ ਅਪੀਲ ਕੀਤੀ।