ਭਵਾਨੀਗੜ੍ਹ, 29 ਮਈ
ਪੰਜਾਬ ਦੀਆਂ ਦੋ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਿੰਨ ਰੋਜ਼ਾ ਪੱਕੇ ਧਰਨੇ ਸ਼ੁਰੂ ਕੀਤੇ ਗਏ ਹਨ। ਇਸੇ ਕੜੀ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਨਹਿਰੀ ਮਹਿਕਮੇ ਦੇ ਮੁੱਖ ਦਫ਼ਤਰ ਬਾਲਦ ਕੋਠੀ ਭਵਾਨੀਗੜ੍ਹ ਅੱਗੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ, ਮਜ਼ਦੂਰਾਂ ਸਮੇਤ ਵੱਡੀ ਗਿਣਤੀ ਔਰਤਾਂ ਵੱਲੋਂ ਧਰਨਾ ਸ਼ੁਰੂ ਕੀਤਾ ਗਿਆ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਪੰਜਾਬ ਅੰਦਰ ਦਰਿਆਵਾਂ ਤੇ ਨਹਿਰਾਂ ਦਾ ਪਾਣੀ ਦੂਸ਼ਿਤ ਹੋਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ ਤੇ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੇਠਲਾ ਪਾਣੀ ਲਗਾਤਾਰ ਡੂੰਘਾ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਮੀਂਹ ਦਾ ਪਾਣੀ ਹੜ੍ਹਾਂ ਦਾ ਰੂਪ ਧਾਰਨ ਕਰਕੇ ਹਰ ਸਾਲ ਵੱਡੀ ਪੱਧਰ ਤੇ ਫਸਲਾਂ ਦਾ ਉਜਾੜਾ ਤੇ ਜਾਨੀਂ ਮਾਲੀ ਨੁਕਸਾਨ ਕਰਦਾ ਹੋਇਆ ਅੱਗੇ ਨਿਕਲ ਜਾਂਦਾ ਹੈ ਪਰ ਦੂਜੇ ਪਾਸੇ ਪੰਜ ਪਾਣੀਆਂ ਦੀ ਧਰਤੀ ਪੰਜਾਬ ਅੱਜ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਔਰਤ ਵਿੰਗ ਦੀ ਸੂਬਾਈ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਦਰਿਆਵਾਂ, ਸਮੁੰਦਰਾਂ ਤੇ ਨਹਿਰਾਂ ਦੇ ਪਾਣੀ ਸਮੇਤ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰਨ ਲਈ ਕਾਰਪੋਰੇਟ ਘਰਾਣਿਆਂ ਨੂੰ ਸਰਕਾਰ ਨੇ ਖੁੱਲੀ ਛੁੱਟੀ ਦੇ ਰੱਖੀ ਹੈ। ਧਰਨੇ ’ਚ ਜਸਵੀਰ ਸਿੰਘ ਮੈਦੇਵਾਸ,ਹੈਪੀ ਨਮੋਲ, ਲੀਲਾ ਸਿੰਘ ਚੋਟੀਆਂ, ਮੱਖਣ ਸਿੰਘ ਪਾਪੜਾ, ਗੁਰਮੇਲ ਸਿੰਘ ਕੈਂਪਰ, ਵਿੰਦਰ ਸਿੰਘ ਦਿੜ੍ਹਬਾ, ਬਲਵਿੰਦਰ ਸਿੰਘ ਲੱਖੇਵਾਲ, ਅਮਰ ਸਿੰਘ ਲੌਂਗੋਵਾਲ, ਰਾਜਪਾਲ ਸਿੰਘ ਮੰਗਵਾਲ, ਸੋਨੀ ਸਿੰਘ ਲੌਂਗੋਵਾਲ, ਬਲਦੇਵ ਉਭਿਆ, ਹਰਦੇਵ ਕੁਲਾਰ, ਸਤੁਗੁਰ ਨਮੋਲ, ਸਤਪਾਲ ਤੋਲਾਵਾਲ, ਦਰਸ਼ਨ ਨੀਲੋਵਾਲ, ਕੁਲਵਿੰਦਰ ਪੇਧਨੀ, ਦਰਬਾਰਾ ਲੋਹਾਖੇੜਾ, ਸੁਖਦੇਵ ਲੌਂਗੋਵਾਲ, ਅਮਰਜੀਤ ਸਿੰਘ ਗਿੱਲ ਅਤੇ ਮੁਖਤਿਆਰ ਖੁਰਾਣਾ ਹਾਜ਼ਰ ਸਨ।