ਅੰਮ੍ਰਿਤਸਰ 21 ਮਾਰਚ 2024 (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)
ਕਮਾਂਡਰ 73 ਬਟਾਲੀਅਨ ਬੀ.ਐਸ.ਐਫ. ਅਜਨਾਲਾ ਨੇ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਹੈ ਕਿ ਸਰਹੱਦ ਪਾਰ ਤੋਂ ਡਰੋਨ ਰਾਹੀ ਅਸਲਾ/ਹੈਰੋਇੰਨ ਵਗੈਰਾ ਦੀ ਖੇਪ ਭਾਰਤ ਵਿੱਚ ਭੇਜਣ ਦੀ ਲਗਾਤਾਰ ਕੋਸਿ਼ਸ ਕੀਤੀ ਜਾ ਰਹੀ ਹੈ ਅਤੇ ਕੁੱਝ ਕਿਸਾਨਾਂ ਵੱਲੋਂ ਅੰਤਰਰਾਸ਼ਟਰੀ ਬਾਰਡਰ ਤੋਂ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਉੱਚੇ ਕੱਦ ਦੇ ਬੂਟੇ ਪਾਪੂਲਰ, ਸਫ਼ੈਦੇ, ਬਗੀਚੇ, ਗੰਨਾ ਅਤੇ ਹੋਰ ਉੱਚੇ ਕੱਦ ਦੀਆਂ ਫ਼ਸਲਾਂ ਆਦਿ ਲਗਾਈਆਂ ਹੋਈਆਂ ਹਨ। ਇਸ ਤੋਂ ਇਲਾਵਾ ਇਸ ਘੇਰੇ ਅੰਦਰ ਉੱਚੀਆਂ ਇਮਾਰਤਾਂ ਦੀ ਬਣਾਈਆਂ ਜਾ ਰਹੀਆਂ ਹਨ। ਅਜਿਹਾ ਹੋਣ ਨਾਲ ਦੇਸ਼ ਵਿਰੋਧੀਆਂ ਵੱਲੋਂ ਘੁਸਪੈਠ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਣ ਦਾ ਵੀ ਅੰਦੇਸ਼ਾ ਬਣ ਸਕਦਾ ਹੈ। ਇਸ ਲਈ ਦੇਸ਼ ਦੀ ਸੁਰੱਖਿਆਂ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਜ਼ਰੂਰੀ ਕਦਮ ਉਠਾਉਣੇ ਅਤਿ ਜ਼ਰੂਰੀ ਹਨ।
ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੈਂ ਘਨਸ਼ਾਮ ਥੋਰੀ, ਆਈ.ਏ.ਐਸ, ਜ਼ਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਜ਼ਾਬਤਾ ਫ਼ੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ, ਇਹ ਹੁਕਮ ਇੱਕ ਤਰਫ਼ਾ ਪਾਸ ਕਰਦਾ ਹਾਂ ਕਿ ਕੋਈ ਵੀ ਕਿਸਾਨ ਅੰਤਰਰਾਸ਼ਟਰੀ ਬਾਰਡਰ ਅਤੇ ਬਾਰਡਰ ਸੁਰੱਖਿਆਂ ਫੈਂਸ ਦੇ ਵਿੱਚ ਅਤੇ ਬਾਰਡਰ ਸੁਰੱਖਿਆਂ ਫੈਂਸ ਤੋਂ ਭਾਰਤੀ ਇਲਾਕੇ ਵਾਲੇ ਪਾਸੇ ਇੱਕ ਕਿੱਲੋਮੀਟਰ ਦੇ ਇਲਾਕੇ ਦੇ ਅੰਦਰ ਉੱਚੇ ਕੱਦ ਦੀਆਂ ਫ਼ਸਲਾਂ ਆਦਿ ਨਹੀ ਲਗਾਵੇਗਾ ਨਾ ਹੀ ਇਸ ਏਰੀਏ ਵਿੱਚ ਉੱਚੀਆਂ ਇਮਾਰਤਾਂ ਦੀ ਉਸਾਰੀ ਕਰੇਗਾ।
ਇਹ ਹੁਕਮ ਮਿਤੀ 30-6-2024 ਤੱਕ ਲਾਗੂ ਰਹੇਗਾ।