ਐਮਰਜਿੰਗ ਏਸ਼ੀਆ ਕੱਪ ‘ਚ ਭਾਰਤੀ-ਏ ਟੀਮ ਨੇ ਪਾਕਿਸਤਾਨ-ਏ ਟੀਮ ਖਿਲਾਫ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਪਾਕਿਸਤਾਨ-ਏ ਟੀਮ ਇਸ ਮੈਚ ਵਿੱਚ 48 ਓਵਰਾਂ ਵਿੱਚ 205 ਦੌੜਾਂ ਬਣਾ ਕੇ ਸਿਮਟ ਗਈ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਰਾਜਵਰਧਨ ਹੰਗਰਗੇਕਰ ਨੇ 5 ਵਿਕਟਾਂ ਲਈਆਂ ਜਦਕਿ ਮਾਨਵ ਸੁਥਾਰ ਨੇ 3 ਵਿਕਟਾਂ ਲਈਆਂ। ਪਾਕਿਸਤਾਨ ਦੀ ਬੱਲੇਬਾਜ਼ੀ ‘ਚ ਕਾਸਿਮ ਅਕਰਮ ਨੇ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।ਸ਼੍ਰੀਲੰਕਾ ‘ਚ ਖੇਡੇ ਜਾ ਰਹੇ ਇਸ ਐਮਰਜਿੰਗ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੋਵੇਂ ਗਰੁੱਪ-ਬੀ ‘ਚ ਸ਼ਾਮਲ ਹਨ। ਇਸ ਮੈਚ ‘ਚ ਪਾਕਿਸਤਾਨੀ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। 9 ਦੇ ਸਕੋਰ ‘ਤੇ ਸਾਈਮ ਅਯੂਬ ਅਤੇ ਓਮੇਰ ਯੂਸਫ ਬਿਨਾਂ ਖਾਤਾ ਖੋਲ੍ਹਿਆਂ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸਾਹਿਬਜ਼ਾਦਾ ਫਰਹਾਨ ਅਤੇ ਹਸੀਬੁੱਲਾ ਖਾਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ 48 ਦੇ ਸਕੋਰ ‘ਤੇ ਫਰਹਾਨ ਦੇ ਰੂਪ ‘ਚ ਟੀਮ ਨੂੰ ਤੀਜਾ ਝਟਕਾ ਲੱਗਿਆ। ਇਸ ਦੇ ਨਾਲ ਹੀ 78 ਦੇ ਸਕੋਰ ਤੱਕ ਪਾਕਿਸਤਾਨ ਦੀ ਅੱਧੀ ਟੀਮ ਪੈਵੇਲੀਅਨ ਪਰਤ ਚੁੱਕੀ ਸੀ।
ਕਾਸਿਮ ਅਕਰਮ ਨੇ ਸੰਭਾਲੀ ਪਾਰੀ
ਪਾਕਿਸਤਾਨ ਦੀ ਟੀਮ 96 ਦੇ ਸਕੋਰ ਤੱਕ 6 ਵਿਕਟਾਂ ਗੁਆਉਣ ਤੋਂ ਬਾਅਦ ਕਾਫੀ ਗੰਭੀਰ ਹਾਲਤ ‘ਚ ਨਜ਼ਰ ਆ ਰਹੀ ਸੀ। ਇੱਥੋਂ ਕਾਸਿਮ ਅਕਰਮ ਨੇ ਪਹਿਲਾਂ ਮੁਬਾਸਿਰ ਖ਼ਾਨ ਨਾਲ 7ਵੀਂ ਵਿਕਟ ਲਈ 50 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕਰਕੇ ਸਕੋਰ ਨੂੰ 148 ਦੌੜਾਂ ਤੱਕ ਪਹੁੰਚਾਇਆ। ਮੁਬਾਸਿਰ 28 ਦੌੜਾਂ ਬਣਾ ਕੇ ਨਿਸ਼ਾਂਤ ਸਿੰਧੂ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਕਾਸਿਮ ਨੇ ਮਹਿਰਾਨ ਮੁਮਤਾਜ਼ ਨਾਲ 8ਵੀਂ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ 200 ਦੇ ਸਕੋਰ ਦੇ ਨੇੜੇ ਪਹੁੰਚ ਸਕੀ।
ਕਾਸਿਮ ਅਕਰਮ ਨੇ 63 ਗੇਂਦਾਂ ਵਿੱਚ 48 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ 48 ਓਵਰਾਂ ‘ਚ 205 ਦੌੜਾਂ ‘ਤੇ ਸਿਮਟ ਗਈ। ਭਾਰਤ ਲਈ ਰਾਜਵਰਧਨ ਹੰਗਰਗੇਕਰ ਨੇ 5 ਅਤੇ ਮਾਨਵ ਸੁਥਾਰ ਨੇ 3 ਜਦਕਿ ਨਿਸ਼ਾਂਤ ਸਿੰਧੂ ਅਤੇ ਰਿਆਨ ਪਰਾਗ ਨੇ 1-1 ਵਿਕਟ ਲਈ।